ਅਮਰੀਕੀ ਸੈਨੇਟ ਵੱਲੋਂ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਬਾਰੇ ਮਤਾ ਪਾਸ

ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ 550ਵੇਂ ਪ੍ਰਕਾਸ਼ ਪੁਰਬ ਨੂੰ ਮਾਨਤਾ ਦਿੱਤੀ ਹੈ। ਅਮਰੀਕੀ ਸੈਨੇਟ ਵੱਲੋਂ ਪਾਸ ਕੀਤਾ ਗਿਆ ਇਹ ਆਪਣੀ ਕਿਸਮ ਦਾ ਪਹਿਲਾ ਮਤਾ ਹੈ। ਮਤੇ ਵਿੱਚ ਅਮਰੀਕਾ ਦੇ ਵਿਕਾਸ ਵਿੱਚ ਸਿੱਖਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ ਹੈ। ਇਹ ਮਤਾ ਇੰਡੀਆਨਾ ਤੋਂ ਰੀਪਬਲਿਕਨ ਸੈਨੇਟਰ ਟੌਡ ਯੰਗ ਅਤੇ ਮੇਰੀਲੈਂਡ ਤੋਂ ਡੈਮੋਕ੍ਰੈਟਿਕ ਸੈਨੇਟਰ ਬੈਨ ਕਾਰਡਿਨ ਨੇ ਪੇਸ਼ ਕੀਤਾ ਸੀ। ਇਸ ਮਤੇ ਵਿੱਚ ਕਿਹਾ ਗਿਆ ਹੈ ਕਿ ਸਿੱਖਾਂ ਨੇ ਅਮਰੀਕਾ ਸਮੇਤ ਸਮੁੱਚੇ ਵਿਸ਼ਵ ’ਚ ਸਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਨਤਾ, ਸੇਵਾ, ਸਰਬ ਸਾਂਝੀਵਾਲਤਾ ਦੇ ਸਿਧਾਂਤਾਂ ’ਤੇ ਚੱਲਦਿਆਂ ਹੀ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।

ਅਮਰੀਕੀ ਸੈਨੇਟ ਨੇ ਆਪਣੇ ਮਤੇ ਵਿੱਚ ਦੇਸ਼ ਵਿੱਚ ਯੋਗਦਾਨ ਪਾਉਣ ਵਾਲੇ ਚਾਰ ਸਿੱਖਾਂ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਸਿੱਖਾਂ ਦੇ ਨਾਂਅ ਹਨ: ਦਲੀਪ ਸਿੰਘ ਸੌਂਦ – ਜੋ ਅਮਰੀਕਾ ਦੇ ਪਹਿਲੇ ਏਸ਼ੀਆਈ ਸੰਸਦ ਮੈਂਬਰ ਸਨ ਤੇ 1957 ’ਚ ਚੁਣੇ ਗਏ ਸਨ, ਡਾ. ਨਰਿੰਦਰ ਕਪਾਨੀ – ਜਿਨ੍ਹਾਂ ਨੇ ਫ਼ਾਈਬਰ ਆੱਪਟਿਕਸ ਦੀ ਖੋਜ ਕੀਤੀ ਸੀ, ਦੀਦਾਰ ਸਿੰਘ ਬੈਂਸ – ਅਮਰੀਕਾ ’ਚ ਆੜੂਆਂ ਦੇ ਸਭ ਤੋਂ ਵੱਡੇ ਉਤਪਾਦਕ ਅਤੇ ਗੁਰਿੰਦਰ ਸਿੰਘ ਖ਼ਾਲਸਾ – ਵੱਕਾਰੀ ਰੋਜ਼ਾ ਪਾਰਕਸ ਟ੍ਰੇਲਬਲੇਜ਼ਰ ਐਵਾਰਡ ਜੇਤੂ।

ਇਸ ਮਤੇ ’ਚ ਅਮਰੀਕਾ ਵਿੱਚ ਯੋਗਦਾਨ ਪਾਉਣ ਵਾਲੀਆਂ ਇਨ੍ਹਾਂ ਸਿੱਖ ਔਰਤਾਂ ਦਾ ਵੀ ਜ਼ਿਕਰ ਹੈ: ਸਤਨਾਮ ਕੌਰ – ਗ੍ਰੈਮੀ ਪੁਰਸਕਾਰ ਜੇਤੂ ਕਲਾਕਾਰ, ਗੁਰਸੋਚ ਕੌਰ – ਨਿਊ ਯਾਰਕ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਸੁਪਰੀਤ ਕੌਰ – ਯੂਨੀਵਰਸਿਟੀ ਆੱਫ਼ ਕੈਲੀਫ਼ੋਰਨੀਆ, ਬਰਕਲੇ ਦੇ ਪ੍ਰੋਫ਼ੈਸਰ। ਅਮਰੀਕਾ ਦੇ ਸਿੱਖਾਂ ਨੇ ਦੇਸ਼ ਦੀ ਸੈਨੇਟ ਵੱਲੋਂ ਪਾਸ ਕੀਤੇ ਇਸ ਮਤੇ ਦਾ ਸੁਆਗਤ ਤੇ ਧੰਨਵਾਦ ਕੀਤਾ ਹੈ। ਬਿਲਕੁਲ ਅਜਿਹਾ ਇੱਕ ਮਤਾ ਸੰਸਦ ਦੇ ਹੇਠਲੇ ਪ੍ਰਤੀਨਿਧ ਸਦਨ ਵੱਲੋਂ ਵੀ ਛੇਤੀ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ।

Unusual
USA
Guru Nanak Dev Ji
Parliament

International