ਮਨੁੱਖੀ ਅਧਿਕਾਰ ਦਿਵਸ ਦਾ ਸੁਨੇਹਾ...

ਭਾਵੇਂ ਅੱਜ ਵਿਸ਼ਵ ਪੱਧਰ ਤੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਹੜਾ ਇਸ ਧਰਤੀ ਤੇ ਪੈਦਾ ਹੋਏ ਮਨੁੱਖ ਨੂੰ ਜਨਮ ਤੋਂ ਹੀ ਅਜ਼ਾਦ ਹੋਣ ਦੇ ਹੱਕ ਦਿਵਾਉਣ ਦੀ ਜ਼ਾਮਨੀ ਭਰਦਾ ਹੈ ਅਤੇ ਵਿਸ਼ਵ ਦੀ ਸੱਭ ਤੋਂ ਵੱਡੀ ਪੰਚਾਇਤ ਯੂ. ਐਨ. ਓ. ਵੱਲੋਂ 10 ਦਸੰਬਰ 1948 ਨੂੰ ਪਾਸ ਕੀਤੇ ਗਏ ਮਨੁੱਖੀ ਅਧਿਕਾਰਾਂ ਦੇ ਆਮ ਐਲਾਨਨਾਮੇ ਦੀ ਪਹਿਲੀ ਮੱਦ ਇਹ ਐਲਾਨ ਕਰਦੀ ਹੈ, ''ਸਭ ਇਨਸਾਨ, ਜਨਮ ਤੋਂ ਅਜ਼ਾਦ, ਗੈਰਤ ਤੇ ਅਧਿਕਾਰਾਂ 'ਚ ਬਰਾਬਰ ਹਨ। ਉਨ੍ਹਾਂ ਕੋਲ ਜਮੀਰ ਅਤੇ ਦਲੀਲ ਦੀ ਲਿਆਕਤ ਹੈ ਅਤੇ ਉਨ੍ਹਾਂ ਨੂੰ ਇਕ ਦੂਸਰੇ ਵੱਲ ਭਰਾਤਰੀ ਭਾਵ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਮਨੁੱਖ ਦੀ ਅਜ਼ਾਦੀ ਨੂੰ ਨਸਲ, ਰੰਗ, ਲਿੰਗ, ਭਾਸ਼ਾ ਧਰਮ, ਸਿਆਸੀ ਜਾਂ ਹੋਰ ਵਿਚਾਰਾਂ, ਕੌਮੀ ਜਾਂ ਸਮਾਜਿਕ ਪਿਛੋਕੜ, ਜਾਇਦਾਦ, ਜਨਮ ਜਾਂ ਕਿਸੇ ਹੋਰ ਹੈਸੀਅਤ ਕਾਰਣ ਕੋਈ ਫਰਕ ਨਹੀਂ ਕਰਨਾ ਚਾਹੀਦਾ ਹੈ। ਪ੍ਰੰਤੂ ਅੱਜ ਜਦੋਂ ਇਸ ਐਲਾਨਨਾਮੇ ਨੂੰ ਪਾਸ ਤੇ ਜਾਰੀ ਹੋਇਆ ੭ ਦਹਾਕੇ ਤੋਂ ਵੱਧ ਸਮਾਂ ਲੰਘ ਗਿਆ ਹੈ ਤਾਂ ਕੀ ਅੱਜ ਦੁਨੀਆਂ 'ਚ ''ਤਕੜੇ ਦਾ ਸੱਤੀ ਵੀਹੀ ਸੌ'' ਹੋ ਜਾਣਾ ਹੱਟ ਗਿਆ ਹੈ, ਜਾਂ ਜਾਤ, ਧਰਮ ਤੇ ਨਸਲ ਦਾ ਵਿਤਕਰਾ ਖ਼ਤਮ ਹੋ ਗਿਆ ਹੈ?

ਇਹ ਸੁਆਲ ਅੱਜ ਦੇ ਦਿਨ, ਹਰ ਸ਼ਕਤੀਸ਼ਾਲੀ ਧਿਰ ਤੋਂ ਜਵਾਬ ਮੰਗਦਾ ਹੈ, ਪ੍ਰੰਤੂ ਤਕੜੀਆਂ ਧਿਰਾਂ ਅੱਜ ਵੀ ਹਰ ਥਾਂ 'ਠਾਣੇਦਾਰੀ' ਕਰਦੀਆਂ ਹਨ। ਉਨ੍ਹਾਂ ਲਈ ਨਾਂ ਤਾਂ ਮਨੁੱਖਾਂ ਦੀ ਅਤੇ ਨਾਂ ਹੀ ਮਨੁੱਖੀ ਅਧਿਕਾਰਾਂ ਦੀ ਕੋਈ ਕਦਰ ਨਾਂ ਕਦੇ ਸੀ ਅਤੇ ਨਾਂ ਹੈ। ਜਦੋਂ ਸਮੇਂ ਦੀਆਂ ਸਰਕਾਰਾਂ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨੀ ਹੁੰਦੀ ਹੈ, ਉਹ ਹੀ ਮਨੁੱਖੀ ਅਧਿਕਾਰਾਂ ਦੀਆਂ ਕਾਤਲ ਬਣੀਆਂ ਰਹਿਣ, ਫ਼ਿਰ ਸਿਵਾਏ 'ਅਧਿਕਾਰਾਂ' ਦਾ ਰੌਲਾ ਪਾਉਣ ਤੋਂ ਹੋਰ ਕੋਈ ਪ੍ਰਾਪਤੀ ਨਹੀਂ ਹੁੰਦੀ। ਭਾਰਤ 'ਚ ਜਿਸ ਨੂੰ ਅਜ਼ਾਦ ਕਰਵਾਉਣ ਅਤੇ ਮਨੁੱਖੀ ਅਧਿਕਾਰ ਮੰਗਣ ਦੀ ਸ਼੍ਰੇਣੀ 'ਚ (ਕਿਉਂਕਿ ਗੁਲਾਮ ਦੇ ਤਾਂ ਕੋਈ ਅਧਿਕਾਰ ਹੀ ਨਹੀਂ ਹੁੰਦੇ) ਖੜਾ ਕਰਨ ਹਿੱਤ, ਜਿਸ ਸਿੱਖ ਕੌਮ ਨੇ 85ਫੀਸਦੀ ਕੁਰਬਾਨੀਆਂ ਕੀਤੀਆਂ, ਕੀ ਅੱਜ ਉਸ ਕੌਮ ਨੂੰ ਘੱਟ ਗਿਣਤੀ, ਧਰਮ, ਭਾਸ਼ਾ ਦੇ ਅਧਾਰ ਤੇ ਬਹੁਗਿਣਤੀ ਦੇ ਸ਼ੋਸ਼ਣ ਦਾ ਸ਼ਿਕਾਰ ਨਹੀਂ ਹੋਣਾ ਪੈ ਰਿਹਾ? ਅਜ਼ਾਦੀ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੂੰ ਵਿਤਕਰੇਬਾਜ਼ੀ ਦਾ ਲਗਾਤਾਰ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਪੈਰ-ਪੈਰ ਤੇ ਗੁਲਾਮ ਹੋਣ ਦਾ ਅਹਿਸਾਸ ਕਰਵਾ ਕੇ, ਮਨੁੱਖੀ ਅਧਿਕਾਰਾਂ ਦੀ ਚਾਹਤ ਰੱਖਣ ਤੋਂ ਸਖ਼ਤੀ ਨਾਲ ਮਨ੍ਹਾਂ ਕੀਤਾ ਜਾ ਰਿਹਾ ਹੈ।

ਅੱਜ ਜਦੋਂ ਪੂਰੀ ਦੁਨੀਆਂ 'ਚ ਮਨੁੱਖੀ ਅਧਿਕਾਰਾਂ ਦੀ ਗੱਲ ਹੋਵੇਗੀ, ਤਾਂ ਉਸ ਸਮੇਂ 1984 ਦੇ ਸਿੱਖ ਕਤਲੇਆਮ ਦੇ ਇਨਸਾਫ਼, ਪੰਜਾਬ ਦੇ 25 ਹਜ਼ਾਰ ਤੋਂ ਵੱਧ ਨੌਜਵਾਨਾਂ ਦੀਆਂ ਅਣਪਛਾਤੀਆਂ ਕਹਿ ਕੇ ਸਾੜੀਆਂ ਲਾਸ਼ਾਂ ਦਾ ਹਿਸਾਬ, ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੇ ਸੱਚ ਦੇ ਨਿਤਾਰੇ, ਦੀ ਗੱਲ ਕਿਉਂ ਨਹੀਂ ਵਿਸ਼ਵ ਮੰਚ ਤੇ ਕੀਤੀ ਜਾਂਦੀ? ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬਣੀਆਂ ਜਥੇਬੰਦੀਆਂ, ਬਾਕੀ ਸਿਆਸੀ ਧਿਰਾਂ ਵਾਗੂੰ ਸਿਰਫ਼ ਬਿਆਨਬਾਜ਼ੀ ਜਾਂ 10 ਦਸੰਬਰ ਨੂੰ ਇੱਕ ਅੱਧ ਮੁਜ਼ਾਹਰੇ ਤੇ ਸੈਮੀਨਾਰ ਤੋਂ ਅੱਗੇ ਕਿਉਂ ਨਹੀਂ ਤੁਰਦੀਆਂ? ਅੱਜ ਜਦੋਂ ਸਿੱਖ ਕੌਮ ਨੂੰ ਬਤੌਰ ਕੌਮ ਖ਼ਤਮ ਕਰਨ ਦੀ ਸਾਜ਼ਿਸ ਨੇਪਰੇ ਚਾੜ੍ਹੀ ਜਾ ਰਹੀ ਹੈ, ਅਸੀਂ ਫ਼ਿਰ ਵੀ ਚੁੱਪ ਹਾਂ? ਹਾਲਾਂਕਿ ਦੁਨੀਆਂ 'ਚ ਮਨੁੱਖੀ ਹੱਕਾਂ ਦੀ ਰਾਖੀ ਦਾ ਪਹਿਲਾ ਨਾਅਰਾ ਬੁਲੰਦ ਕਰਨ ਵਾਲਾ ਸਿਰਫ਼ ਸਿੱਖ ਧਰਮ ਹੈ। ਅੱਜ ਹਰ ਦਰ ਤੇ ਪਹਿਰੇ ਹਨ, ਸੱਚ ਦੀ ਆਵਾਜ਼ ਕੱਢਣ ਦੀ ਮਨਾਹੀ ਹੈ, ਉਸ ਸਮੇਂ ਮਨੁੱਖੀ ਅਧਿਕਾਰ ਦਿਵਸ ਦੀ ਆਖ਼ਰ ਮਹੱਤਤਾ ਕੀ ਰਹਿ ਜਾਂਦੀ ਹੈ?

ਅਸੀਂ ਇਹ ਨਹੀਂ ਕਹਿੰਦੇ ਕਿ ਮਨੁੱਖੀ ਅਧਿਕਾਰਾਂ ਦੇ ਆਮ ਐਲਾਨਨਾਮੇ ਦਾ ਕੋਈ ਮਹੱਤਵ ਜਾਂ ਪ੍ਰਭਾਵ ਨਹੀਂ, ਇਸ ਐਲਾਨਨਾਮੇ ਨੇ ਜਿਹੜੀ ਚੇਤਨਤਾ ਪੈਦਾ ਕੀਤੀ, ਉਸਨੇ ਵਿਸ਼ਵ ਦੀਆਂ ਧੱਕੜ ਤਾਕਤਾਂ ਨੂੰ ਕੰਬਣੀ ਜ਼ਰੂਰ ਛੇੜੀ, ਪ੍ਰੰਤੂ ਉਨ੍ਹਾਂ ਦੇ ਜਾਲਮ ਹੱਥਾਂ ਨੂੰ ਹੱਥਕੜੀਆਂ ਤੇ ਜਬਰ ਸੋਚ ਨੂੰ ਬੇੜੀਆ ਨਹੀਂ ਪੈ ਸਕੀਆਂ, ਜਿਸ ਕਾਰਣ ਆਮ ਗਰੀਬ ਆਦਮੀ ਤੇ ਘੱਟ ਗਿਣਤੀ ਕੌਮਾਂ ਨਾਲ ਅੱਜ ਵੀ ਵਿਤਕਰਾ ਤੇ ਜਬਰ ਜਾਰੀ ਹੈ, ਜਿਸ ਵਿਰੁੱਧ ਸਾਰੀਆਂ ਪੀੜ੍ਹਤ ਧਿਰਾਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਅਤੇ ਵਿਸ਼ਵ ਪੱਧਰ ਤੇ ਅਜਿਹੀਆਂ ਧੱਕੜ ਸ਼ਕਤੀਆਂ ਨੂੰ ਬਦਨਾਮ ਕਰਨ ਅਤੇ ਨਿਖੇੜਨ ਦੀ ਸੱਭ ਤੋਂ ਵੱਡੀ ਲੋੜ ਹੈ। ਅੱਜ ਜਿਸ ਤਰ੍ਹਾਂ 'ਅੱਤਵਾਦ' ਵਿਰੁੱਧ ਵਿਸ਼ਵ ਏਕਤਾ ਵਿਖਾਈ ਦੇ ਰਹੀ ਹੈ, ਉਥੇ 'ਮਨੁੱਖੀ ਅਧਿਕਾਰਾਂ ਦੇ ਕਾਤਲਾਂ ਵਿਰੁੱਧ ਅਜਿਹੀ ਵਿਸ਼ਵ ਵਿਆਪੀ ਏਕਤਾ ਤੇ ਜੰਗ ਵਿੱਢਣ ਦੀ ਲੋੜ ਹੈ ਅਤੇ ਜਦੋਂ ਮਨੁੱਖੀ ਅਧਿਕਾਰਾਂ ਦਾ ਘਾਣ ਖ਼ਤਮ ਹੋ ਜਾਵੇਗਾ ਅਤੇ ਹਰ ਮਨੁੱਖ ਨੂੰ ਅਜ਼ਾਦੀ ਤੇ ਬਰਾਬਰੀ ਮਿਲ ਜਾਵੇਗੀ, ਉਸ ਸਮੇਂ 'ਅੱਤਵਾਦ' ਆਪਣੇ ਆਪ ਖ਼ਤਮ ਹੋ ਜਾਵੇਗਾ।

ਬਾਗੀ ਨੂੰ ਅੱਤਵਾਦੀ ਬਣਾਉਣ 'ਚ ਮਨੁੱਖੀ ਅਧਿਕਾਰਾਂ ਦਾ ਘਾਣ ਸੱਭ ਤੋਂ ਵੱਧ ਜੁੰਮੇਵਾਰ ਹੈ, ਇਸ ਲਈ ਇਸ ਘਾਣ ਦਾ ਖਾਤਮਾ ਸਭ ਤੋਂ ਅਹਿਮ ਤੇ ਜ਼ਰੂਰੀ ਹੈ ਅਸੀਂ ਸਿੱਖ ਕੌਮ ਨੂੰ ਅੱਜ ਦੇ ਦਿਨ ਜਾਗਣ ਦਾ ਹੋਕਾ ਦਿੰਦੇ ਹੋਏ, ਇਹ ਉਮੀਦ ਕਰਦੇ ਹਾਂ ਕਿ ਜਿਸ ਕੌਮ ਨੇ ਬਰਬਾਰੀ ਦਾ ਨਾਅਰਾ ਤੇ ਜ਼ੋਰ-ਜਬਰ ਦੇ ਖਾਤਮਾ ਦਾ ਪ੍ਰਣ, ਆਪਣੇ ਜਨਮ ਸਮੇਂ ਹੀ ਲਿਆ ਸੀ, ਉਹ ਅੱਜ ਐਨੀ ਨਿਤਾਣੀ ਕਿਉਂ ਹੋ ਗਈ ਹੈ ਕਿ ਉਸਨੂੰ 'ਗੁਲਾਮਾਂ' ਦੀ ਸ੍ਰੇਣੀ 'ਚ ਧੱਕ ਦਿੱਤਾ ਗਿਆ ਹੈ, ਅੱਜ ਦੇ ਦਿਨ ਇਸ ਬਾਰੇ ਇੱਕ-ਅੱਧ ਪਲ ਚਿੰਤਨ ਜ਼ਰੂਰ ਕਰਨਾ ਚਾਹੀਦਾ ਹੈ।

Editorial
Jaspal Singh Heran

International