ਬਾਦਲ ਦਲ ਨੂੰ ਹੁਣ ਯਾਦ ਆਈ ਸਿੱਖ ਸੰਗਤ

ਕਿਹਾ ਦਿੱਲੀ ਚੋਣਾਂ ਦਾ ਫ਼ੈਸਲਾ ਸਿੱਖ ਸੰਗਤ ਨਾਲ ਸਲਾਹ ਅਨੁਸਾਰ ਕਰਾਂਗੇ,  ਕੋਰ ਕਮੇਟੀ ਨੇ ਭਾਜਪਾ ਵਲੋਂ ਅੰਗੂਠਾ ਦਿਖਾਉਣ ਦੇ ਮਸਲੇ ਤੋਂ ਟਾਲਾ ਵੱਟਿਆ

ਚੰਡੀਗੜ੍ਹ 22 ਜਨਵਰੀ (ਏਜੰਸੀਆਂ): ਤਕੜਾ ਕੁੱਟਦਾ ਵੀ ਹੈ ਤੇ ਰੋਣ ਵੀ ਨਹੀਂ ਦਿੰਦਾ ਇਹ ਸੱਚ ਅੱਜ ਬਾਦਲ ਦਲ ਦੀ ਕੋਰ ਕਮੇਟੀ ਵਿਚ ਦੇਖਣ ਨੂੰ ਮਿਲਿਆ ਜਦੋਂ ਕੋਰ ਕਮੇਟੀ ਨੇ ਭਾਜਪਾ ਵਲੋਂ ਕੀਤੀ ਬੇਇਜ਼ਤੀ ਤੇ ਸਿਰਫ਼ ਸਬਰ ਦਾ ਘੁੱਟ ਹੀ ਭਰ ਲਿਆ। ਦਿੱਲੀ 'ਚ ਭਾਜਪਾ ਵਲੋਂ ਅੰਗੂਠਾ ਦਿਖਾਉਣ ਤੇ ਉਸਨੂੰ ਮੋੜਵਾਂ ਜਵਾਬ ਦੇਣ ਦੀ ਤਹਿ ਵਿਚ ਸੁਖਬੀਰ ਵਲੋਂ ਸੱਦੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਜੋਸ਼ ਤੇ ਰੋਸ ਕਿਧਰੇ ਵੀ ਦਿਖਾਈ ਨਹੀਂ ਦਿੱਤਾ ਸਗੋਂ ਕੋਰ ਕਮੇਟੀ ਨੇ ਭਾਜਪਾ ਵਲੋਂ ਬਾਦਲ ਦਲ ਦੀ ਕੀਤੀ ਕਿਰਕਿਰੀ ਤੇ ਵਿਚਾਰ ਤੱਕ ਨਹੀਂ ਕੀਤੀ। ਮਾਮਲੇ ਨੂੰ ਗੋਲ ਮੋਲ ਕਰਕੇ ਟਾਲਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੀ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਹੱਲਾ ਜਾਰੀ ਰੱਖਿਆ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੁਹਰਾਇਆ ਹੈ ਕਿ ਇਹ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਨਾਗਰਿਕਤਾ ਸੋਧ ਐਕਟ (ਸੀਏਏ) ਦਾ ਸਮਰਥਨ ਕਰਦਾ ਹੈ ਪਰ ਨਾਲ ਹੀ ਇਹ ਵੀ ਚਾਹੁੰਦਾ ਹੈ ਕਿ ਇਸ ਐਕਟ ਦਾ ਘੇਰਾ ਵਧਾ ਕੇ ਮੁਸਲਮਾਨਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਵੇ।

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਕੋਰ ਕਮੇਟੀ ਦੀ ਸੱਦੀ ਵਿਸ਼ੇਸ਼ ਮੀਟਿੰਗ ਵਿਚ ਇਸ ਬਾਰੇ ਇੱਕ ਮਤਾ ਪਾਸ ਕੀਤਾ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੀਏਏ ਉੱਪਰ ਆਪਣਾ ਉਲਝਣ ਭਰਿਆ ਸਟੈਡ ਸਪੱਸ਼ਟ ਕਰਨ ਅਤੇ ਈਮਾਨਦਾਰੀ ਨਾਲ ਇਹ ਸਪੱਸ਼ਟੀਕਰਨ ਦੇਣ ਲਈ ਆਖਿਆ ਕਿ ਕੀ ਇਸ ਐਕਟ ਤਹਿਤ ਸਿੱਖਾਂ ਨੂੰ ਦਿੱਤੀ ਸੁਰੱਖਿਆ ਦੀ ਹਮਾਇਤ ਕਰਦਾ ਹੈ ਜਾਂ ਵਿਰੋਧ ਕਰਦਾ ਹੈ? ਕੋਰ ਕਮੇਟੀ ਦੇ ਮਤੇ ਵਿਚ ਕਿਹਾ ਗਿਆ ਕਿ ਜਿਸ ਤਰ੍ਹਾਂ ਹੁਣ ਤਕ ਸਪੱਸ਼ਟ ਹੈ ਕਿ ਮੁੱਖ ਮੰਤਰੀ ਸਿੱਖ ਵਿਰੋਧੀ ਮਾਨਸਿਕਤਾ, ਸਟੈਂਡ ਅਤੇ ਨੀਤੀਆਂ ਰੱਖਣ ਲਈ ਜਾਣੀ ਜਾਂਦੀ ਪਾਰਟੀ ਹਾਈਕਮਾਂਡ ਤੋਂ ਡਰਦਾ ਉਸ ਦੀ ਹਾਂ ਵਿਚ ਹਾਂ ਮਿਲਾ ਰਿਹਾ ਹੈ ਅਤੇ ਸਿੱਖਾਂ, ਈਸਾਈਆਂ, ਪਾਰਸੀਆਂ, ਹਿੰਦੂਆਂ, ਬੋਧੀਆਂ ਅਤੇ ਜੈਨੀਆਂ ਨੂੰ ਸੁਰੱਖਿਆ ਦੇਣ ਵਾਲੇ ਸੀਏਏ ਦਾ ਪੂਰੀ ਤਰ੍ਹਾਂ ਵਿਰੋਧ ਕਰ ਰਿਹਾ ਹੈ। ਕੈਪਟਨ ਸਿੰਘ ਨੂੰ ਸਿੱਖਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਸੀਏਏ ਦੇ ਉਹਨਾਂ ਕਲਾਜ਼ਾਂ ਦਾ ਸਮਰਥਨ ਕਰਦਾ ਹੈ ਜਾਂ ਵਿਰੋਧ ਕਰਦਾ ਹੈ, ਜਿਹੜੇ ਮਹਾਨ ਸਿੱਖ ਧਰਮ ਦੇ ਮੈਂਬਰਾਂ ਨਾਲ ਸੰਬੰਧਿਤ ਹਨ।

ਮਤੇ ਵਿਚ ਅੱਗੇ ਕਿਹਾ ਗਿਆ ਹੈ ਕਿ ਅਸੀਂ ਇਸ ਐਕਟ ਦਾ ਉੱਥੇ ਤਕ ਸਮਰਥਨ ਕਰਦੇ ਹਾਂ ਜਿੱਥੇ ਤਕ ਇਹ ਸਿੱਖਾਂ ਅਤੇ ਹਿੰਦੂਆਂ ਸਮੇਤ ਬਾਕੀਆਂ ਭਾਈਚਾਰਿਆਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਪਰ ਇਸ ਦੇ ਮੌਜੂਦਾ ਰੂਪ ਵਿਚ ਇਹ ਐਕਟ ਧਰਮ ਨਿਰਪੱਖ ਰਹਿਣ ਵਿਚ ਨਾਕਾਮ ਰਹਿੰਦਾ ਹੈ ਅਤੇ ਸਾਡੇ ਮਹਾਨ ਗੁਰੂ ਸਾਹਿਬਾਨ, ਸੰਤਾਂ ਅਤੇ ਫਕੀਰਾਂ ਦੁਆਰਾ ਦੱਸੇ ਆਦਰਸ਼ਾਂ ਦੇ ਖ਼ਿਲਾਫ ਜਾਂਦਾ ਹੈ, ਕਿਉਂਕਿ ਇਹ ਦੇਸ਼ ਦੀ ਇੱਕ ਅਹਿਮ ਘੱਟ ਗਿਣਤੀ ਮੁਸਲਿਮ ਭਾਈਚਾਰੇ ਨਾਲ ਵਿਤਕਰਾ ਕਰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਐਕਟ ਵਿਚ ਸੋਧ ਕਰਕੇ ਇਸ ਵਿਤਕਰੇ ਨੂੰ ਦੂਰ ਕੀਤਾ ਜਾਵੇ।ਮਤੇ ਵਿਚ ਕਿਹਾ ਗਿਆ ਹੈ ਕਿ ਧਰਮ ਦੇ ਆਧਾਰ 'ਤੇ ਵਿਤਕਰਾ ਕਰਨਾ ਹਿੰਦੂ ਧਰਮ ਦੇ ਮੁੱਢਲੇ ਵਿਸ਼ਵਾਸ਼ਾਂ ਦੇ ਵੀ ਖ਼ਿਲਾਫ ਹੈ, ਜਿਹੜੇ ਪੂਰੇ ਸੰਸਾਰ ਨੂੰ ਇੱਕ ਪਰਿਵਾਰ ਮੰਨਦੇ ਹਨ। ਮਤੇ ਵਿਚ ਕਿਹਾ ਗਿਆ ਹੈ ਕਿ ਅਕਾਲੀ ਦਲ ਭਾਰਤ ਦੇ ਸੰਵਿਧਾਨ ਵਿਚ ਬਾਬਾ ਸਾਹਿਬ ਬੀ ਆਰ ਅੰਬੇਦਕਰ ਦੁਆਰਾ ਦਰਜ ਬਰਾਬਰੀ ਦੇ ਸਿਧਾਂਤ ਦੀ ਰਾਖੀ ਲਈ ਹਮੇਸ਼ਾਂ ਸਭ ਤੋਂ ਅੱਗੇ ਰਿਹਾ ਹੈ।

ਧਰਮ ਨਿਰਪੱਖ ਲੋਕਤੰਤਰੀ ਕਦਰਾਂ ਕੀਮਤਾਂ ਸੰਵਿਧਾਨ ਦਾ ਧੁਰਾ ਹਨ ਅਤੇ ਅਕਾਲੀ ਦਲ ਨੇ ਇਹਨਾਂ ਕਦਰਾਂ ਕੀਮਤਾਂ ਦੀ ਰਾਖੀ ਲਈ ਹਮੇਸ਼ਾ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਇਹ ਮਹਾਨ ਵਿਰਾਸਤ ਪਾਰਟੀ ਦੀ ਭਵਿੱਖ ਵਿਚ ਵੀ ਅਗਵਾਈ ਕਰਦੀ ਰਹੇਗੀ। ਮੀਟਿੰਗ ਵਿਚ ਇਹ ਫੈਸਲਾ ਵੀ ਕੀਤਾ ਗਿਆ ਕਿ ਆ ਰਹੀਆਂ ਦਿੱਲੀ ਚੋਣਾਂ ਬਾਰੇ ਪਾਰਟੀ ਦੀ ਰਣਨੀਤੀ ਦਾ ਐਲਾਨ ਸਿੱਖ ਸੰਗਤਾਂ, ਆਗੂਆਂ ਅਤੇ ਸਿੱਖਾਂ ਦੀਆਂ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕੀਤਾ ਜਾਵੇਗਾ।

ਇਸ ਮੀਟਿੰਗ ਵਿਚ ਸਰਦਾਰ ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ ਅਟਵਾਲ, ਜਥੇਦਾਰ ਤੋਤਾ ਸਿੰਘ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਹਰੀ ਸਿੰਘ ਜ਼ੀਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਜਗਮੀਤ ਸਿੰਘ ਬਰਾੜ, ਸੁਰਜੀਤ ਸਿੰਘ ਰੱਖੜਾ, ਡਾਕਟਰ ਦਲਜੀਤ ਸਿੰਘ ਚੀਮਾ,ਮਨਜਿੰਦਰ ਸਿੰਘ ਸਿਰਸਾ, ਦਰਬਾਰਾ ਸਿੰਘ ਗੁਰੂ ਅਤੇ ਬਲਦੇਵ ਸਿੰਘ ਮਾਨ ਨੇ ਭਾਗ ਲਿਆ।

Unusual
Shiromani Akali Dal
Parkash Singh Badal
Sukhbir Badal
Punjab Politics

International