ਸਿੱਖੀ ਦਾ ਪ੍ਰਚਾਰ-ਪਸਾਰ ਹੋ ਰਿਹਾ ਜਾਂ ਜੜਾਂ ਵੱਢੀਆਂ ਜਾ ਰਹੀਆਂ ਹਨ...?

ਜਸਪਾਲ ਸਿੰਘ ਹੇਰਾਂ
ਕਿਸੇ ਧਰਮ ਦੇ ਪ੍ਰਚਾਰਕ, ਸਮੁੱਚੀ ਕੌਮ ਲਈ ਰੋਲ ਮਾਡਲ ਹੁੰਦੇ ਹਨ। ਧਾਰਮਿਕ ਆਗੂ ਦਿਸ਼ਾ ਵਿਖਾਉਣ ਵਾਲੇ ਹੁੰਦੇ ਹਨ। ਜਦੋਂ ਕੌਮ ਦੇ ਪ੍ਰਚਾਰਕ ਤੇ ਧਾਰਮਿਕ ਆਗੂਆਂ ਦੇ ਕਿਰਦਾਰ 'ਚ, ਸੋਚ 'ਚ, ਕਾਰਜ਼ਸੈਲੀ 'ਚ, ਭਾਵਨਾ 'ਚ, ਗਿਰਾਵਟ ਆ ਜਾਵੇਂ ਤਾਂ ਉਹ ਧਰਮ ਵੀ ਨਿਵਾਣਾਂ ਵੱਲ ਚਲਾ ਜਾਂਦਾ ਹੈ। ਗੁਰੂ ਸਾਹਿਬਾਨ ਨੇ ਜੋ ਉਪਦੇਸ਼ ਕੌਮ ਨੂੰ, ਮਾਨਵਤਾ ਨੂੰ ਦਿੱਤਾ, ਉਸਨੂੰ ਪਹਿਲਾ ਆਪਣੇ ਪਿੰਡੇ ਤੇ ਹੰਢਾਕੇ, ਪ੍ਰਪੱਕਤਾ ਨਾਲ ਦਿੱਤਾ। ਜਿਸਦਾ ਪ੍ਰਭਾਵ ਸੀ ਕਿ ਸਿੱਖ ਧਰਮ ਦੁਨੀਆਂ 'ਚ ਤੇਜੀ ਨਾਲ ਉਭਰਿਆ ਤੇ ਸੂਰਜ ਵਾਗੂੰ  ਚਮਕਿਆ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਤੇ ਹੁਣ ਗੁਰੂ ਗੰ੍ਰਥ ਸਾਹਿਬ ਵੱਲੋਂ ਹਰ ਮਨੁੱਖ ਨੂੰ ਸੁਚੱਜੀ ਜੀਵਨ-ਸੈਲੀ ਦਾ ਪਾਠ ਪੜਾਇਆ ਗਿਆ। ਪ੍ਰਪੱਕ ਕਰਵਾਇਆ ਗਿਆ। ਗੁਰੂ ਸਾਹਿਬ ਨੇ ਸਿੱਖ ਦੇ ਰੂਪ 'ਚ ਧਰਤੀ ਦਾ ਪਰਮ ਮਨੁੱਖ ਸਾਜਿਆ ਤੇ ਦਸਮੇਸ਼ ਪਿਤਾ ਨੇ ਦੁਨੀਆਂ ਦੀ ਅਗਵਾਈ ਕਰਨੀ ਲਈ ਉਸਨੂੰ ''ਸਿਰਦਾਰੀ '' ਬਖ਼ਸ ਦਿੱਤੀ। ਇਸ ਸਿਰਦਾਰ ਨੇ ਜਿੱਥੇ ਜ਼ੋਰ-ਜਬਰ ਦੇ ਖ਼ਾਤਮੇ ਲਈ ਦੁਨੀਆਂ ਦਾ ਸਭ ਤੋਂ ਬਹਾਦਰ ਤੇ ਜੰਗਜੂ ਬਣਕੇ ਦਿਖਾਇਆ, ਉਥੇ ਸਰਬੱਤ ਦੇ ਭਲੇ ਲਈ ਤੇ ਦੁੱਖੀ ਮਾਨਵਤਾ ਦੀ ਸੇਵਾ ਦਾ ਰੋਸ਼ਨ ਮੀਨਾਰ ਵੀ ਬਣਿਆ। ਸਿੱਖੀ ਸਿਧਾਤਾਂ ਨੇ ਅੱਜ ਜਦੋਂ ਦੁਨੀਆਂ ਨੂੰ ਇਹ ਸੋਚਣ ਲਾ ਦਿੱਤਾ ਹੈ ਕਿ ਜੇ ਸਾਰੀ ਦੁਨੀਆਂ 'ਚ ਹਲੇਮੀ ਰਾਜ ਸਥਾਪਿਤ ਕਰਨਾ ਹੈ ਤਾਂ ਗੁਰੂ ਗੰ੍ਰਥ ਸਾਹਿਬ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ ਪਵੇਗਾ।

ਅਜਿਹੇ ਸਮੇਂ ਜਦੋਂ ਇੱਕ ਪਾਸੇ ਸਿੱਖ ਧਰਮ ਦੇ ਵਿਸ਼ਵ ਧਰਮ ਬਣਨ ਦੀ ਸੰਭਾਵਨਾ ਪ੍ਰਬਲ ਹੋ ਰਹੀ ਹੈ, ਦੂਜੇ ਪਾਸੇ ਉਸ ਸਮੇਂ ਸਿੱਖ ਦੁਸ਼ਮਣ ਤਾਕਤਾਂ ਸਿੱਖੀ ਦੀ ਹੋਂਦ ਨੂੰ ਹੜੱਪਣ ਲਈ 2070 ਦੀ ਸਮਾਂ ਸੀਮਾ ਵੀ ਮਿੱਥੀ ਬੈਠੀਆਂ ਹਨ। ਉਸ ਸਮੇਂ ਸਿੱਖ ਕੌਮ ਦਾ ਖੱਖੜੀਆਂ-ਕਰੇਲੇ ਹੋਣਾ, ਪ੍ਰਚਾਰਕਾਂ ਦਾ ਆਪੋ 'ਚ ਸ਼ਬਦੀ ਤੇ ਖੂਨੀ ਜੰਗ 'ਚ ਰੁੱਝ ਜਾਣਾ, ਧਾਰਮਿਕ ਆਗੂਆਂ ਵੱਲੋਂ ਆਪੋ-ਆਪਣੀ ਸੰਪਰਦਾਵਾਂ ਦੀ ਧੌਂਸ ਜਮਾਉਣ ਵੱਲ ਤੁਰ ਪੈਣਾ, ਧਰਮ ਦੇ ਰਾਜਨੀਤੀ ਦੀ ਤਾਂਬਿਆ ਚਲੇ ਜਾਣਾ, ਸਿੱਖ ਕਿਰਦਾਰ 'ਚ ਭਾਰੀ ਗਿਰਾਵਟ ਆ ਜਾਣਾ, ਕੌਮ ਲਈ ਖ਼ਤਰੇ ਦੀ ਘੰਟੀ ਹੈ। ਅੱਜ ਤਾਂ ਇੱਕ ਧੜੇ ਦੀ ਦੂਜੇ ਧੜੇ ਨਾਲ, ਸ਼ਬਦੀ ਜੰਗ ਤੋਂ ਅਸੀਂ ਸੁਆਦ ਲੈ ਰਹੇ ਹਾਂ। ਸ਼ਬਦੀ ਜੰਗ 'ਚ ਨੈਤਿਕਤਾ ਦੀਆਂ ਸੀਮਾਵਾਂ ਪਾਰ ਹੋ ਰਹੀਆਂ ਹਨ। ਪ੍ਰੰਤੂ ਇਸ ਸਾਰੇ ਕੁਝ ਨਾਲ ਕੌਮ ਨੂੰ ਜਿਹੜਾ ਵੱਡਾ ਨੁਕਸਾਨ ਹੋ ਰਿਹਾ ਹੈ, ਉਸਦੀ ਸਾਨੂੰ ਜਾਂ ਤਾਂ ਪ੍ਰਵਾਹ ਹੀ ਨਹੀਂ ਜਾਂ ਚਿੰਤਾ ਨਹੀਂ, ਜਾਂ ਅਸੀਂ ਇਸ ਸਮੱਸਿਆ ਦੀ ਗੰਭੀਰਤਾ ਨੂੰ ਹਾਲੇ ਸਮਝ ਨਹੀਂ ਰਹੇ। ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ਧਾਰਮਿਕ ਆਗੂ ਤੇ ਪ੍ਰਚਾਰਕ, ਕੌਮ ਦੇ ਰੋਲ ਮਾਡਲ ਹੁੰਦੇ ਹਨ। ਉਨ੍ਹਾਂ ਦੇ ਕਿਰਦਾਰ ਦਾ, ਕੌਮੀ ਕਿਰਦਾਰ ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਸਮੇਂ ਪੰਜਾਬ, ਤਬਾਹੀ ਦੇ ਕੰਢੇ ਖੜ੍ਹਾ ਹੈ। ਸਿੱਖੀ ਤੇ ਪੰਜਾਬ ਨੂੰ ਤਬਾਹ ਹੋਇਆ ਵੇਖਣ ਵਾਲੀਆਂ ਸ਼ਕਤੀਆਂ ਇਸਦੀ ਤਬਾਹੀ ਲਈ ਨਿੱਤ ਨਵੇਂ ਬਾਣਨੂੰ, ਬੰਨ ਰਹੀਆਂ ਹਨ। ਪੰਜਾਬ ਦੀ 78 ਫੀਸਦੀ ਜੁਆਨੀ ਇਸ ਸਮੇਂ ਪਤਿਤ ਹੈ, ਨਸ਼ੇੜੀ ਹੈ, ਬੇਰੁਜ਼ਗਾਰ ਹੈ, ਬਾਣੀ ਤੇ ਬਾਣੇ ਤੋਂ ਦੂਰ ਹੈ।

ਮੋਟੇ ਸ਼ਬਦਾਂ 'ਚ ਪੰਜਾਬ 'ਚੋ ਊੜਾ ਤੇ ਜੂੜਾ 2050 ਤੱਕ ਖ਼ਤਮ ਹੋਣ ਦੀਆਂ ਲੱਗ ਰਹੀਆਂ ਅਟਕਲਾਂ, ਸੱਚੀਆਂ ਸਾਬਤ ਹੋਣ ਦਾ ਅਹਿਸਾਸ ਹੋਣ ਲੱਗ ਪਿਆ ਹੈ। ਸਿੱਖੀ ਦੀ ਮਹਾਨਤਾ ਤੇ ਨੀਵਾਣਤਾ ਅੱਜ ਦੋਵੇਂ ਸਾਡੇ ਸਾਹਮਣੇ ਹਨ। ਫ਼ਿਰ ਵੀ ਸਿੱਖੀ ਦੇ ਠੇਕੇਦਾਰ ਅਖਵਾਉਣ ਵਾਲੇ, ਸਿੱਖੀ ਦੀਆਂ ਜੜ੍ਹਾਂ ਵੱਢਣ ਲੱਗੇ ਹੋਏ ਹਨ। ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਜ਼ੋਰ-ਸ਼ੋਰ ਨਾਲ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਹਨ ਕਿ ਜੇ ਗੁਰੂ ਦੇ ਲੜ੍ਹ ਲੱਗਣਾ ਹੈ ਤਾਂ '' ਕਾਮ,ਕ੍ਰੋਧ,ਲੋਭ, ਮੋਹ, ਹੰਕਾਰ'' ਦਾ ਤਿਆਗ ਕਰੋ। ਹੁਣ ਜਿਹੜੇ ਖ਼ੁਦ ਇੰਨ੍ਹਾਂ ਦੇ ਗ਼ੁਲਾਮ ਹਨ। ਉਹ ਦੂਜਿਆਂ ਨੂੰ ਕੀ ਉਪਦੇਸ਼ ਦੇ ਸਕਦੇ ਹਨ? ਜੇ ਦਿੰਦੇ ਵੀ ਹਨ ਤਾਂ ਉਸਦਾ ਪ੍ਰਭਾਵ ਕੀ ਪਵੇਗਾ? ਜੇ ਸਿੱਖੀ ਦੇ ਪ੍ਰਚਾਰਕਾਂ ਨੇ ਹੀ ਗੁਰਬਾਣੀ, ਸਿੱਖ ਸਿਧਾਂਤ, ਪ੍ਰੰਪਰਾਵਾਂ, ਮਰਿਆਦਾ, ਸਿੱਖ ਇਤਿਹਾਸ ਤੇ ਸਿੱਖ ਵਿਰਸੇ ਤੇ ਹੀ ਵਾਦ-ਵਿਵਾਂਦ ਖੜ੍ਹੇ ਕਰੀ ਜਾਣੇ ਹਨ, ਫ਼ਿਰ ਅਸੀਂ ਨੌਜਵਾਨ ਪੀੜ੍ਹੀ ਨੂੰ ਆਖ਼ਰ ਸਿੱਖਿਆ ਕੀ ਦੇਵਾਂਗੇ? ਜਿਸ ਕੌਮ ਪਾਸ ਗੁਰਬਾਣੀ ਦੇ ਰੂਪ 'ਚ ਲਿਖਤੀ ਸੰਵਿਧਾਨ ਹੋਵੇ, ਫਿਰ ਉਸ ਕੌਮ 'ਚ ਤਾਂ ਵਾਦ-ਵਿਵਾਦ ਲਈ ਕੋਈ ਥਾਂ ਹੀ ਨਹੀਂ। ਜਿੰਨ੍ਹਾਂ ਧਾਰਮਿਕ ਆਗੂਆਂ ਤੇ ਪ੍ਰਚਾਰਕਾਂ ਦੀ ਡਿਊਟੀ ਜੋੜਨ ਦੀ ਹੈ, ਉਹ ਤੋੜਣ ਤੇ ਲੱਗੇ ਹੋਏ ਹਨ। ਜਦੋਂ ਖੇਤ ਦਾ ਮਾਲਕ ਹੀ ਖੇਤ ਦੀ ਵਾੜ ਨੂੰ ਪੁੱਟਣ ਲੱਗਿਆ ਹੋਵੇ, ਫ਼ਿਰ ਉਸ ਖੇਤ ਦੀ ਰਾਖ਼ੀ ਕੌਣ ਕਰੂੰ? ਕੀ ਅਸੀਂ ਇਹ ਠੇਕਾ ਲੈ ਲਿਆ ਹੈ ਕਿ ਗੁਰੂ ਸਾਹਿਬ ਦੇ ਸੰਤ-ਸਿਪਾਹੀ ਦੇ  ਇੱਕ ਮਨੁੱਖ 'ਚ ਸੁਮੇਲ ਨੂੰ ਗ਼ਲਤ ਸਾਬਤ ਕਰਨਾ ਹੈ। ਦਸਮੇਸ਼ ਪਿਤਾ ਨੇ ਤਾਂ ਸਾਨੂੰ ਸਰਬੰਸ ਵਾਰ ਕੇ ਪਕੇਰੀ ਨੀਹਾਂ ਵਾਲਾ ਸਿੱਖੀ ਦਾ ਮਹਿਲ ਦਿੱਤਾ ਸੀ, ਪ੍ਰੰਤੂ ਅੱਜ ਅਸੀਂ ਉਸ ਮਹਿਲ ਦੀਆਂ ਨੀਹਾਂ ਖੋਖਲੀਆਂ ਕਰਨ ਦੀ ਜ਼ਿੱਦ ਤੇ ਅੜ੍ਹ ਗਏ ਹਾਂ। ਸਿੰਘਨ ਦੀ ਜਾਤ, ਭਾਵੇਂ ਦੰਗਾ ਹੈ, ਪ੍ਰੰਤੂ ਇਹ ਦੰਗਾ ਸਿਰਫ਼ ਤੇ ਸਿਰਫ਼ ਜ਼ੋਰ-ਜਬਰ ਤੇ ਜ਼ਾਲਮ ਵਿਰੁੱਧ ਹੈ।

ਆਪਣਿਆਂ ਦੀ ਪੱਗਾਂ ਲਾਹੁੰਣੀਆਂ। ਸਿੱਖੀ ਦਾ ਦਸਤੂਰ ਨਹੀਂ। ਸਾਨੂੰ ਤਾਂ ਵਾਦ-ਵਿਵਾਦ ਤੇ ਸਫ਼ਾ ਵਿਛਾਕੇ ਤੇ ਸਿਰ ਜੋੜ ਕੇ ਬੈਠਣ ਦਾ ਹੁਕਮ ਹੈ। ਕੀ ਇਹ ਮੰਨ ਲਿਆ ਜਾਵੇ ਕਿ ਅੱਜ ਕੌਮ, ਗੁਰੂ ਸਾਹਿਬਾਨ ਦੇ ਹੁਕਮਾਂ ਤੋਂ ਬਾਗੀ ਹੋ ਗਈ ਹੈ। ਜਾਂ '' ਮੈਂ 'ਚ ਹੰਕਾਰੀ ਤੇ ਅੰਨ੍ਹੀ ਹੋ ਗਈ ਹੈ। ਅਸੀਂ ਕੌਮ ਦੇ ਸਾਂਝੇ ਧਾਰਮਿਕ ਆਗੂਆਂ, ਪ੍ਰਚਾਰਕਾਂ, ਦਾਨਿਸ਼ਵਰਾਂ ਨੂੰ ਇਹ ਹੋਕਾ ਜ਼ਰੂਰ ਦਿਆਂਗੇ ਕਿ ਹੁਣ '' ਤਮਾਸ਼ਾ ਵੇਖਣ ਦਾ ਸਮਾਂ ਨਹੀਂ, ਕੌਮ ਦੀ ਅਜ਼ਮਤ ਤੇ ਸਵੈਮਾਣ ਦੀ ਰਾਖ਼ੀ ਦਾ ਸਮਾਂ ਹੈ। ਇੱਕ ਵਾਰ ਕੌਮ 'ਚ ਪੈਦਾ ਹੋਏ ਸਾਰੇ ਵਿਵਾਦਾਂ ਨੂੰ ਸੂਚੀ ਬੱਧ ਕਰ ਲਿਆ ਜਾਵੇ। ਫ਼ਿਰ ਹਰ ਜੱਥੇਬੰਦੀ ਅਤੇ ਸਾਂਝੇ ਗਿਆਨਵਾਨ, ਗੁਰੂ ਨੂੰ ਸਮਰਪਿਤ ਬੁੱਧੀਜੀਵੀ ਸਿੱਖਾਂ ਨੂੰ ਲੈ ਕੇ ਇੱਕ ਸਾਂਝੀ ਕਮੇਟੀ ਗਠਿਤ ਕਰਕੇ, ਉਸਨੂੰ ਇਹ ਸਾਰੇ ਵਿਵਾਦ ਸੌਪ ਦਿੱਤੇ ਜਾਣ ਤੇ ਜਦੋਂ ਤੱਕ ਉਹ ਕਮੇਟੀ ਇੰਨ੍ਹਾਂ ਵਿਵਾਦਾਂ ਬਾਰੇ ਆਪਣੀ ਰਿਪੋਰਟ ਨਹੀਂ ਦਿੰਦੀ। ਉਦੋਂ ਤੱਕ ਸਾਰੀਆਂ ਧਿਰਾਂ ਨੂੰ ਸਖ਼ਤ ਹਦਾਇਤ ਹੋਵੇ ਕਿ ਉਨ੍ਹਾਂ ਨੇ ਇੰਨ੍ਹਾਂ ਵਿਵਾਦਿਤ ਮੁੱਦਿਆਂ ਤੇ ਚੁੱਪ ਰਹਿਣਾ ਹੈ। ਕੌਮ ਦੀ ਹੋ ਰਹੀ ਜੱਗ ਹਸਾਈ ਨੂੰ ਰੋਕਣਾ, ਨਵੀਂ ਪੀੜ੍ਹੀ 'ਚ ਪੈਦਾ ਹੋ ਰਹੀ ਉਦਾਸੀਨਤਾ ਦੇ ਖ਼ਾਤਮੇ ਅਤੇ ਸਿੱਖੀ ਦੀ ਚੜ੍ਹਦੀ ਕਲਾਂ ਲਈ ਵਰਤਮਾਨ ਸਮੇਂ ਹੋ ਰਹੀ ਹਰ ਤਰ੍ਹਾਂ ਦੀ ਜੰਗ ਨੂੰ ਇੱਕ ਵਾਰ ਰੋਕਣਾ, ਸਮੇਂ ਦੀ ਵੱਡੀ ਲੋੜ ਹੈ। ਇਹੋ ਪਹਿਰੇਦਾਰ ਦਾ ਹੋਕਾ ਹੈ।

Editorial
Jaspal Singh Heran

International