ਅਕਾਲੀ-ਕਾਂਗਰਸੀ ਨਸ਼ਾ ਸੌਦਾਗਰ ਪ੍ਰਤੀ ਨਰਮੀ ਕਿਉਂ...?

ਜਸਪਾਲ ਸਿੰਘ ਹੇਰਾਂ
ਅਸੀਂ ਪੰਜਾਬ ਦੀ ਤਬਾਹੀ ਬਣੀ ਭ੍ਰਿਸ਼ਟ ਸਿਆਸੀ ਆਗੂ, ਭ੍ਰਿਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਆਂ ਦੀ ਤਿੱਕੜੀ ਨੂੰ ਮੁੱਖ ਦੋਸ਼ੀ ਮੰਨਿਆ ਹੈ ਅਤੇ ਜਦੋਂ ਤੱਕ ਇਸ ਤਿੱਕੜੀ ਨੂੰ ਤੋੜਿਆ ਨਹੀਂ ਜਾਂਦਾ, ਉਦੋਂ ਤੱਕ ਪੰਜਾਬ ਦੀ ਤਬਾਹੀ ਨੂੰ ਵੀ ਰੋਕਿਆ ਨਹੀਂ ਜਾ ਸਕੇਗਾ। ਪੰਜਾਬ 'ਚ ਨਸ਼ਿਆਂ ਦੀ ਸੁਨਾਮੀ ਇਸੇ ਤਿੱਕੜੀ ਕਰਕੇ ਹੀ ਲਗਾਤਾਰ ਤਬਾਹੀ ਮਚਾ ਰਹੀ ਹੈ। ਇਸਦਾ ਤਾਜਾ ਸਬੂਤ  ਅੰਮ੍ਰਿਤਸਰ ਸਾਹਿਬ ਦੇ ਸੁਲਤਾਨਵਿੰਡ ਇਲਾਕੇ 'ਚ ਫੜੀ 1000 ਕਰੋੜ ਦੀ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਖੇਪ ਤੋਂ ਬਾਅਦ ਸਿਆਸੀ ਧਿਰਾਂ ਦੇ ਮੱਗਰਮੱਛਾਂ ਨੂੰ ਜਾਲ 'ਚ ਫਸਣ ਦੇ ਬਾਅਦ ਵੀ ਖੁੱਲੇ ਛੱਡ ਦਿੱਤੇ ਜਾਣ ਤੋ ਮਿਲਦਾ ਹੈ। ਜਿਸ ਕੋਠੀ 'ਚ ਇਹ ਕਾਲਾ ਧੰਦਾ ਹੁੰਦਾ ਸੀ, ਇਹ ਕੋਠੀ ਅਕਾਲੀ ਆਗੂ, ਅਨਵਰ ਮਸੀਹ ਦੀ ਸੀ। ਭਾਵੇਂ ਉਸਨੇ ਜੁਬਾਨੀ ਦਾਅਵਾ ਕੀਤਾ ਕਿ ਮੈਂ ਇਹ ਕੋਠੀ 1 ਮਹੀਨਾ ਲਈ ਕਿਰਾਏ ਤੇ ਦਿੱਤੀ ਹੈ। ਜਿਸ ਥਾਂ ਤੇ ਐਨੀ ਵੱਡੀ ਪੱਧਰ ਤੇ ਨਸ਼ੀਲਾ ਪਦਾਰਥ ਤਿਆਰ ਕੀਤਾ ਜਾਦਾ ਹੋਵੇ, ਇਹ ਕਿਵੇ ਮੰਨ ਲਿਆ ਜਾਵੇਂ ਕਿ ਉਸਦੇ ਮਾਲਕ ਨੂੰ ਉਸਦੀ ਭਿਣਕ ਹੀ ਨਾ ਹੋਵੇ ਅਤੇ ਸਿਰਫ਼ 1 ਮਹੀਨੇ ਦੇ ਸਮੇਂ 'ਚ ਨਸ਼ਿਆਂ ਦਾ ਕਾਰਖਾਨਾ ਸਥਾਪਿਤ ਹੋ ਗਿਆ ਹੋਵੇ। ਇਹ ਅਕਾਲੀ ਆਗੂ, ਪੁਲਿਸ ਵੱਲੋਂ ਪੁੱਛ ਗਿੱਛ ਕਰਨ ਦੇ ਸੱਦੇ ਤੇ ਵੀ ਨਹੀਂ ਆਇਆ ਉਲਟਾ ਫ਼ਰਾਰ ਹੋ ਗਿਆ। ਕਿਸੇ ਆਮ ਦੋਸ਼ੀ ਨੂੰ ਜੇ ਉਹ ਫ਼ਰਾਰ ਹੋਣ ਦੀ ਕੋਸ਼ਿਸ ਵੀ ਕਰਦਾ ਹੈ ਤਾਂ ਪੁਲਿਸ ਉਸਨੂੰ ਝੱਟ ਕਾਬੂ ਕਰ ਲੈਂਦੀ ਹੈ। ਫ਼ਿਰ ਐਨਾ ਵੱਡਾ ਮਾਮਲਾ ਜਿਹੜਾ ਸੂਬੇ ਦੀ ਜੁਆਨੀ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ, ਜਿਸਦੀਆਂ ਤਾਰਾਂ ਵਿਦੇਸ਼ਾਂ ਤੱਕ ਜਾਂਦੀਆਂ ਹਨ।

ਉਸ ਮਾਮਲੇ 'ਚ ਲੋੜੀਦਾ ਵਿਅਕਤੀ ਫ਼ਰਾਰ ਹੋ ਜਾਵੇ ਤੇ ਐਨੇ ਦਿਨ ਲੰਘ ਜਾਣ ਤੇ ਵੀ ਪੁਲਿਸ ਦੇ ਹੱਥ ਖ਼ਾਲੀ ਹੋਣ, ਸਮਝ ਤੋਂ ਬਾਹਰ ਹੈ। ਅਨਵਰ ਮਸੀਹ ਅਕਾਲੀ ਆਗੂ ਹੈ ਤੇ ਦੂਜਾ ਕਾਂਗਰਸੀ। ਕਾਂਗਰਸੀ ਆਗੂ ਦੀ ਕੋਠੀ ਵੀ ਨਸ਼ੀਲੇ ਪਦਾਰਥ ਲਈ ਸਟੋਰ ਵਜੋਂ ਵਰਤੀ ਜਾਂਦੀ ਸੀ। ਉਸ ਕਾਂਗਰਸੀ ਆਗੂ ਨੂੰ ਵੀ ਤਲਾਕਸ਼ੁਦਾ ਪਤਨੀ ਨੂੰ ਕੋਠੀ ਛੱਡੀ ਹੋਣ ਦਾ ਬਹਾਨਾ ਮੰਨਕੇ, ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ ਤੇ ਭਾਰ ਉਸਦੇ ਪੁੱਤਰ ਸਿਰ ਪਾਇਆ ਜਾਂਦਾ ਹੈ। ਜਿਹੜਾ ਅਕਾਲੀ ਆਗੂ ਵਾਗੂੰ ਹੀ ਫ਼ਰਾਰ ਹੈ। ਐਨੇ ਵੱਡੇ ਡਰੱਗ ਰੈਕਟ ਦੇ ਦੋਸ਼ੀ ਪੁਲਿਸ ਨੂੰ ਚਕਮਾ ਦੇ ਸਕਦੇ ਹਨ। ਇਹ ਗੱਲ ਆਮ ਪੰਜਾਬੀਆਂ ਨੂੰ ਹਜ਼ਮ ਹੋਣ ਵਾਲੀ ਨਹੀਂ। ਜਿਸ ਕੱਪੜਾ ਵਪਾਰੀ ਨੂੰ ਇਹ ਰੈਕਟ ਦੇ ਮੈਂਬਰ ਵਜੋਂ ਗ੍ਰਿਫ਼ਤਾਰ ਕੀਤਾ ਸੀ, ਉਸਦੀ ਕੋਠੀ 'ਚੋ ਤਾਂ ਹਫ਼ਤਾ ਬਾਅਦ ਵੀ 3 ਕਰੋੜ ਦੀ ਹੋਰ ਹੈਰੋਇਨ ਬਰਾਮਦ ਕਰ ਲਈ ਜਾਂਦੀ ਹੈ। ਪ੍ਰੰਤੂ ਜਿਹੜੇ ਅਕਾਲੀ, ਕਾਂਗਰਸੀ ਹਨ, ਉਨ੍ਹਾਂ ਨੂੰ ਫ਼ੁਰਰ ਹੋਣ ਦਾ ਮੌਕਾ ਦੇ ਦਿੱਤਾ ਜਾਦਾ ਹੈ। ਅਸਲ 'ਚ ਜਦੋਂ ਸੂਬੇ ਦੇ ਮੁੱਖ ਮੰਤਰੀ ਵਲੋਂ ਪੰਜਾਬ 'ਚ ਨਸ਼ਾ ਮਾਫ਼ੀਏ ਦੀਆਂ ਸਰਗਰਮੀਆਂ ਤੇ ਪਰਦਾ ਪਾਉਣ ਦਾ ਯਤਨ ਕੀਤਾ ਜਾਵੇਂ, ਫ਼ਿਰ ਪੁਲਿਸ ਦੀ ਸਰਗਰਮੀ ਵੀ ਠੰਡੀ ਹੋ ਜਾਂਦੀ ਹੈ। ਮੁੱਖ ਮੰਤਰੀ ਵੱਲੋਂ ਪੰਜਾਬ 'ਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਬਾਰੇ ਝੂਠ ਬੋਲਿਆ ਗਿਆ, ਜਿਸਨੂੰ ਪਹਿਰੇਦਾਰ ਨੇ ਨਸ਼ਿਆਂ ਕਾਰਣ ਸਿਵਿਆ ਦੇ ਰਾਹ ਗਏ ਪੰਜਾਬੀ ਨੌਜਵਾਨਾਂ ਦੇ ਵੇਰਵੇ ਦੇ ਕੇ ਝੂਠਾ ਸਾਬਤ ਕੀਤਾ। ਹੁਣ ਪੰਜਾਬ ਦੇ ਲੋਕ ਇਸ ਸੱਚ ਨੂੰ ਕਿਵੇਂ  ਪ੍ਰਵਾਨ ਨਾ ਕਰਨ ਕਿ ਪੰਜਾਬ ਨੂੰ ਲੁੱਟਣ ਤੇ ਕੁੱਟਣ ਲਈ ਦੋਵਾਂ ਧਿਰ 'ਚ ਸਮਝੌਤਾ ਹੈ।

ਸਾਰੀਆਂ ਵੱਡੀਆਂ ਰਾਜਸੀ ਧਿਰਾਂ 'ਚ 265 ਪਰਿਵਾਰ ਮੋਹਰੀ ਹਨ ਤੇ ਇੰਨ੍ਹਾਂ ਮੋਹਰੀ ਪਰਿਵਾਰਾਂ ਦੀਆਂ ਆਪੋ 'ਚ ਰਿਸ਼ਤੇਦਾਰੀ ਜਾਂ ਵਪਾਰ ਸਾਂਝੇ ਹਨ। ਇਸ ਕਾਰਣ ਇੰਨ੍ਹਾਂ ਨੂੰ ਆਪਣੇ ਹਿੱਤ ਪਿਆਰ ਹਨ। ਪੰਜਾਬ ਜਾਵੇ ਢੱਠੇ ਖੂਹ 'ਚ, ਕਿਸੇ ਨੂੰ ਵੀ ਪ੍ਰਵਾਹ ਨਹੀਂ ਹੈ। ਜੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪਿਆਰ ਹੁੰਦਾ, ਇਸਦੇ ਹਿੱਤਾਂ ਦੀ ਚਿੰਤਾ ਹੁੰਦੀ, ਤਾਂ ਉਹ ਇਸ ਅੰਤਰਾਸ਼ਟਰੀ ਪੱਧਰ ਦੇ ਨਸ਼ਾ  ਰੈਕਟ ਨੂੰ 48 ਘੰਟਿਆਂ 'ਚ ਤਹਿਸ-ਨਹਿਸ ਕਰਨ ਦਾ ਹੁਕਮ ਜ਼ਰੂਰ ਦਿੰਦਾ। ਪ੍ਰੰਤੂ ਇਥੇ ਤਾਂ ਪੁਲਿਸ ਜਿੰਨ੍ਹਾਂ ਤੇ ਸ਼ੱਕ ਦੀ ਸੂਈ ਘੁੰਮ ਹੀ ਨਹੀਂ, ਇਸ਼ਾਰਾ ਕਰ ਰਹੀ ਹੈ, ਉਨ੍ਹਾਂ ਨੂੰ ਵੀ ਪੁੱਛ ਗਿਛ 'ਚ ਸ਼ਾਮਲ ਹੋਣ ਲਈ 'ਪ੍ਰੇਮ-ਪੱਤਰ' ਭੇਜ ਰਹੀ ਹੈ। ਛੋਟੇ-ਮੋਟੇ ਸਮੱਗਲਰ ਦਾ ਪੁਲਿਸ ਕੀ ਹਾਲ ਕਰਦੀ ਹੈ। ਉਸਦਾ ਸਭ ਨੂੰ ਬਾਖੂਬੀ ਪਤਾ ਹੈ ਅਤੇ ਜਿੱਥੋ ਮਹੀਨਾ ਆਉੁਂਦਾ ਹੈ, ਉਨ੍ਹਾਂ ਨਾਲ ਪੁਲਿਸ ਦਾ ਕੀ ਵਤੀਰਾ ਹੈ? ਇਹ ਵੀ ਕਿਸੇ ਨੂੰ ਭੁੱਲਿਆ ਨਹੀਂ। ਕੈਪਟਨ ਨੇ ਬੇਅਦਬੀ ਤੇ ਨਸ਼ਿਆਂ ਨੂੰ ਲੈ ਕੇ ਸਹੁੰ ਖਾਧੀ ਸੀ, ਪ੍ਰੰਤੂ ਹੁਣ ਹੋ ਉਲਟ ਰਿਹਾ ਹੈ। ਬੇਅਦਬੀ ਦੇ ਮੁੱਦੇ ਤੇ ਰੱਜਕੇ ਰਾਜਨੀਤੀ ਹੋ ਰਹੀ ਹੈ। ਜਿਹੜੇ ਦੋਸ਼ੀ ਸੀ, ਉਲਟਾ ਉਹ ਦੋਸ਼ ਲਾਉਣ ਵਾਲ੍ਹਿਆਂ 'ਚ ਸ਼ਾਮਲ ਹੋ ਗਏ ਹਨ। ਪ੍ਰੰਤੂ ਮੁੱਖ ਮੰਤਰੀ ਸਾਬ੍ਹ ਨੂੰ ਇਹ ਕੀ ਹੋ ਰਿਹਾ ਹੈ? ਦਾ ਅਹਿਸਾਸ ਹੀ ਨਹੀਂ ਹੁੰਦਾ। ਪੰਜਾਬ ਦੇ ਲੋਕ ਸਮਝੌਤੇ ਦਾ ਦੋਸ਼ ਨਾ ਲਾਉਣ ਤਾਂ ਹੋਰ ਕੀ ਕਰਨ? ਨਸ਼ਿਆਂ ਨੂੰ 4 ਹਫ਼ਤਿਆਂ 'ਚ ਖ਼ਤਮ ਕਰਨ ਦੀ ਸਹੁੰ ਵੀ ਉਸ ਸਹੁੰ 'ਚ ਸ਼ਾਮਲ ਸੀ।  

ਪੰਜਾਬ 'ਚ ਗ੍ਰਾਮਾਂ ਦੀ ਥਾਂ ਟਨਾਂ 'ਚ ਨਸ਼ੀਲਾ ਪਦਾਰਥ ਫੜ੍ਹਿਆ ਜਾ ਰਿਹਾ ਹੈ, ਪ੍ਰੰਤੂ ਨਸ਼ਾ ਮਾਫੀਆ ਫੇਰ ਵੀ ਸਰਗਰਮ ਹੈ। ਕਿਉਂ? ਕੀ ਪੁਲਿਸ ਨੂੰ ਐਨੇ ਦਿਨਾਂ 'ਚ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਸ ਕੋਠੀ 'ਚੋਂ ਨਸ਼ਾ ਕਿਥੇ-ਕਿਥੇ ਸਪਲਾਈ ਹੁੰਦਾ ਸੀ। ਪੰਜਾਬ 'ਚ ਨਸ਼ਿਆਂ ਵਿਰੁੱਧ ਕੋਈ ਤਕੜੀ ਮੁਹਿੰਮ ਨਹੀਂ ਵਿੱਢੀ ਗਈ। ਸਿਰਫ਼ ਇੱਕ ਦਿਨ ਦੇ ਨਾਕਿਆਂ ਨਾਲ ਆਮ ਰਾਹਗੀਰਾਂ ਨੂੰ ਪ੍ਰੇਸ਼ਾਨ ਜ਼ਰੂਰ ਕੀਤਾ ਗਿਆ ਸੀ। ਅਸੀਂ ਪਹਿਲਾ ਵੀ ਲਿਖਿਆ ਸੀ, ਸਰਕਾਰ ਦੀ ਢਿੱਲਮਠ ਜਾਂ ਮਿਲੀਭੁਗਤ ਕਾਰਣ ਇਹ ਤਿੱਕੜੀ ਦੇ ਹੋਰ ਸਰਗਰਮ ਹੋ ਜਾਣਾ ਹੈ, ਭਾਵੇਂ ਕਿ ਅੱਜ ਦੀ ਤਾਰੀਖ਼ 'ਚ ਵੀ ਪੰਜਾਬ 'ਚ ਜਿੱਥੋਂ ਮਰਜ਼ੀ ਨਸ਼ਾ ਮਿਲ ਸਕਦਾ ਹੈ। ਪ੍ਰੰਤੂ ਅਜਿਹੇ ਹਾਲਾਤਾਂ 'ਚ ਨਸ਼ਿਆਂ ਦੀ ਗ਼ੁਲਾਮੀ ਹੋਰ ਤਬਾਹੀ ਲਿਆਊਗੀ। ਇਸ 'ਚ ਕਿਸੇ ਨੂੰ ਸ਼ੱਕ ਨਹੀਂ ਹੋਣੀ ਚਾਹੀਦੀ। ਕੈਪਟਨ ਸਾਬ੍ਹ ਨੇ ਹੁਣ ਕਦੇ ਮੰਡੀਬੋਰਡ ਦੀ ਤਿੰਨ ਸਾਲ ਦੀ ਆਮਦਨ ਤੇ ਕਰਜ਼ਾ ਲੈ ਕੇ ਹਰ ਵਿਧਾਨ ਸਭਾ ਹਲਕੇ ਨੂੰ 20-20 ਕਰੋੜ ਦੀ ਗ੍ਰਾਂਟ ਦੇਣ ਦਾ ਫੈਸਲਾ ਕਰ ਲਿਆ ਹੈ। ਪ੍ਰੰਤੂ ਯਾਦ ਰੱਖਣਾ ਚਾਹੀਦਾ ਹੈ ਕਿ ਖ਼ੁਰਾਕ ਦੀ ਲੋੜ ਤੰਦਰੁਸਤ ਬੰਦੇ ਨੂੰ ਹੁੰਦੀ ਹੈ, ਬੀਮਾਰ ਲਈ ਤਾਂ ਪਹਿਲਾ ਇਲਾਜ ਜ਼ਰੂਰੀ ਹੈ। ਪੰਜਾਬ ਨੂੰ ਨਸ਼ਿਆਂ, ਭ੍ਰਿਸ਼ਟਾਚਾਰ ਤੇ ਬੇਰੁਜਗਾਰੀ ਨੇ  ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ।

ਸਰਕਾਰ ਇੰਨ੍ਹਾਂ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਦਵਾਈਆਂ ਦੇਣ ਦੀ ਥਾਂ ਗ੍ਰਾਂਟਾਂ ਰੂਪੀ ਘਿਉਂ ਦੇ ਕੇ, ਉਲਟਾ ਹੋਰ ਨੁਕਸਾਨ ਕਰੂੰਗੀ। ਅਸੀਂ ਚਾਹੁੰਦੇ ਹਾਂ ਕਿ ਭ੍ਰਿ੍ਰਸ਼ਟ ਸਿਆਸੀ ਆਗੂ, ਭ੍ਰਿਸ਼ਟ ਅਫ਼ਸਰਸਾਹੀ ਤੇ ਮਾਫ਼ੀਏ ਦੀ ਤਿੱਕੜੀ ਵਿਰੁੱਧ ਪੰਜਾਬ 'ਚ ਤਕੜੀ ਲੋਕ ਲਹਿਰ ਪੈਦਾ ਕੀਤੀ ਜਾਵੇ, ਫ਼ਿਰ ਸ਼ਾਇਦ ਵੋਟ ਭੁੱਖੇ ਸਿਆਸੀ ਆਗੂ, ਇਸ ਤਿਕੜੀ ਤੋਂ ਆਪਣੇ-ਆਪ ਨੂੰ ਵੱਖਰੇ ਕਰ ਲੈਣ ਤੇ ਜਿਵੇਂ ਹੀ ਸਿਆਸੀ ਆਗੂ, ਇਸ ਤਿੱਕੜੀ ਤੋਂ ਦੂਰ ਹੋਣਗੇ ਤਾਂ ਭ੍ਰਿਸ਼ਟ ਅਫ਼ਸਰਸਾਹੀ ਵੀ ਆਪਣੀ ਚਮੜੀ ਬਚਾਉਣ ਲਈ ਮਾਫ਼ੀਆਂ ਨੂੰ ਝੱਟ ਨਕੇਲ ਪਾ ਲਵੇਗੀ। ਜਿਸ ਨਾਲ ਪੰਜਾਬ ਮਰਨੋ ਬਚ ਸਕੇਗਾ।  

Editorial
Jaspal Singh Heran

International