ਲੋਕਤੰਤਰ ਦੇ ਚਾਰੇ ਥੰਮ ਹੋਏ ਭਗਵੇਂ...

ਜਸਪਾਲ ਸਿੰਘ ਹੇਰਾਂ
ਅਸੀਂ ਵਾਰ -ਵਾਰ ਹੋਕਾ ਦਿੱਤਾ ਹੈ ਕਿ ਇਸ ਸਮੇਂ ਦੇਸ਼ ਦੇ ਚਾਰੇ ਥੰਮ ਭਗਵੇਂ ਹੋ ਚੁੱਕੇ ਹਨ। ਉਹ ਪੂਰੀ ਤਰ੍ਹਾਂ ਹਿੰਦੂ ਰਾਸ਼ਟਰ ਬਣਾਉਣ ਲਈ ਤਰਲੋ ਮੱਛੀ ਹਨ। ਹਿੰਦੂ ਰਾਸ਼ਟਰ ਦਾ ਰਾਹ ਪੱਧਰਾ ਕਰਨ ਲਈ ਉਹ ਇਨਸਾਫ਼ ਤੇ ਭਾਰਤੀ ਸੰਵਿਧਾਨ ਦਾ ਕਤਲੇਆਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਭਗਵਿਆਂ ਨੇ ਨਿਆਪਾਲਿਕਾਂ ਰਾਹੀਂ ਅਯੁੱਧਿਆਂ 'ਚ ਰਾਮ ਮੰਦਰ ਦਾ ਰਾਹ ਪੂਰਨ ਪੱਧਰਾ ਕਰ ਲਿਆ। ਹੁਣ ਅਯੁੱਧਿਆਂ ਮੰਦਰ ਬਣਾਉਣ ਦਾ ਲਾਹਾ ਲੈਣ ਲਈ ਦਿੱਲੀ ਚੋਣਾਂ, ਜਿੱਥੇ ਭਾਜਪਾ ਨੇ ਆਪ ਨੂੰ ਹਰਾਉਣ ਲਈ ਸਾਰਾ ਕੁਝ ਦਾਅ ਤੇ ਲਾ ਦਿੱਤਾ ਹੈ। ਇੱਥੇਂ ਵੀ ਚੋਣਾਂ ਤੋਂ ਠੀਕ ਦੋ ਦਿਨ ਪਹਿਲਾ ਲੋਕ ਸਭਾ 'ਚ ਅਯੁੱਧਿਆਂ ਮੰਦਰ ਦੀ ਉਸਾਰੀ ਤੇ ਪ੍ਰਬੰਧ ਲਈ ਟਰੱਸਟ ਦਾ ਐਲਾਨ ਕਰਕੇ, ਹਿੰਦੂ ਵੋਟਰਾਂ ਦੇ ਦਿਲ ਜਿੱਤਣ ਦਾ ਯਤਨ ਕੀਤਾ ਗਿਆ। ਦਿੱਲੀ 'ਚ ਭਾਜਪਾ ਨੇ ਪਹਿਲਾ ਹੀ ਸ਼ਾਹੀਨ ਬਾਗ ਨੂੰ ਮਿੰਨੀ ਪਾਕਿਸਤਾਨ ਦਾ ਨਾਮ ਦੇ ਕੇ, ਦਿੱਲੀ ਦੇ ਵੋਟਰਾਂ 'ਚ ਹਿੰਦੂਤਵ ਜਿਸਨੂੰ ਉਹ ਦੇਸ਼ ਭਗਤੀ ਕਹਿੰਦੇ ਹਨ, ਦੀ ਭਾਵਨਾ ਪੈਦਾ ਕਰਨ ਲਈ ਪੱਬ ਭਾਰ ਹੋ ਕੇ ਜ਼ੋਰ ਲਾਇਆ ਹੋਇਆ ਹੈ। ਪ੍ਰੰਤੂ ਸ਼ਹੀਨ ਬਾਗ ਵੀ ਜਿੱਤ ਤੱਕ ਪਹੁੰਚਾਉਦਾ ਨਾ ਦਿੱਸਿਆ ਤਾਂ ਅਯੁੱਧਿਆਂ ਮੰਦਰ ਦਾ ਮੁੱਦਾ ਖਿੱਚ ਲਿਆਂਦਾ ਗਿਆ। ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ਲੋਕਤੰਤਰ ਦੇ ਚਾਰੇ ਥੰਮ ਹੀ ਭਗਵੇਂ ਹੋ ਗਏ ਹਨ, ਉਸਦਾ ਪ੍ਰਤੱਖ ਸਬੂਤ ਦਿੰਦਿਆ ਚੋਣ ਕਮਿਸ਼ਨ ਤੇ ਸੁਪਰੀਮ ਕੋਰਟ ਨੇ ਮੰਦਰ ਟਰੱਸਟ ਦੇ ਐਲਾਨ ਨੂੰ ਚੋਣਾਂ ਦੇ ਨੇੜੇ ਕੀਤੇ ਜਾਣ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਪ੍ਰਵਾਨ ਨਹੀਂ ਕੀਤਾ। ਕੀ ਉਹ ਮੁੱਦਾ ਜਿਹੜਾ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਵੇ ਤੇ ਪਿਛਲੇ ਤਿੰਨ ਦਹਾਕਿਆਂ  ਤੋਂ ਧਾਰਮਿਕ ਭਾਵਨਾਵਾਂ ਭੜਕਾਉਣ ਵਾਲਾ ਮੁੱਦਾ ਰਿਹਾ ਹੋਵੇ, ਕੀ ਉਹ ਮੁੱਦਾ  ਹਿੰਦੂ ਵੋਟਰਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ? ਫ਼ਿਰ ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਿਉਂ ਨਾ ਮੰਨਿਆ ਜਾਵੇਂ?

ਇਹ ਠੀਕ ਹੈ ਕਿ ਸੁਪਰੀਮ ਕੋਰਟ ਨੇ ਆਪਣੇ  ਫੈਸਲੇ 'ਚ ਕੇਂਦਰ  ਸਰਕਾਰ ਨੂੰ 9 ਫਰਵਰੀ ਤੱਕ ਟਰੱਸਟ ਐਲਾਨਣ ਦੀ ਹਦਾਇਤ ਕੀਤੀ ਸੀ, ਪ੍ਰੰਤੂ ਜਦੋਂ ਚੋਣ ਜ਼ਾਬਤਾ ਲਾਗੂ ਹੋਇਆ ਸੀ ਤਾਂ ਉਸ ਸਮੇਂ ਇਸ ਮੰਦਰ ਦੀ ਸਥਾਪਨਾ ਸਬੰਧੀ ਐਲਾਨ ਬਾਰੇ  ਤਾਰੀਖ਼ ਬਾਰੇ ਵੀ ਹਦਾਇਤ ਜਾਰੀ ਕਰ ਦੇਣੀ ਚਾਹੀਦੀ ਸੀ। ਪ੍ਰਧਾਨ ਮੰਤਰੀ ਮੋਦੀ ਵੱਲੋਂ ਖ਼ੁਦ ਮੰਦਰ ਨਿਰਮਾਣ ਬਾਰੇ ਅਤੇ ਟਰੱਸਟ ਬਾਰੇ ਲੋਕ ਸਭਾ 'ਚ ਐਲਾਨ ਕਰਨਾ, ਭਾਜਪਾ ਦੀ ਚਲਾਕੀ ਤੇ ਮਕਾਰੀ ਨੂੰ ਸਪੱਸ਼ਟ ਕਰਦਾ ਹੈ। ਅੱਜ ਜੋ ਦਿੱਲੀ 'ਚ ਹੋ ਰਿਹਾ ਹੈ ਜਿਸ ਤਰ੍ਹਾਂ ਦੇਸ਼ ਤੇ ਰਾਜ ਕਰਦੀ ਧਿਰ ਵੋਟਰਾਂ 'ਚ ਧਰਮ ਦੇ ਨਾਮ ਤੇ ਵੰਡੀ ਪਾਉਣ ਲਈ ਜ਼ੋਰ ਲਾ ਰਹੀ ਹੈ। ਉਸਦਾ ਚੋਣ ਕਮਿਸ਼ਨ ਤੇ ਸੁਪਰੀਮ ਕੋਰਟ ਵੱਲੋਂ ਕੋਈ ਸਖ਼ਤ ਨੋਟਿਸ ਨਾ  ਲੈਣਾ, ਸਾਡੇ ਇਸ ਦਾਅਵੇ ਦੀ ਪੁਸ਼ਟੀ ਕਰਦਾ ਹੈ ਕਿ ਦੇਸ਼ ਦੇ ਚਾਰੇ ਥੰਮ, ਭਗਵੇਂ ਹੋ ਚੁੱਕੇ ਹਨ। ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਸ਼ਹੀਨ ਬਾਗ ਦੇ ਧਰਨਾਕਾਰੀਆਂ ਦੇ ਹੱਕ ਅਤੇ ਨਾਗਰਿਕਤਾ  ਸੋਧ ਬਿੱਲ ਦੇ ਵਿਰੋਧ 'ਚ ਦਿੱਲੀ ਗਏ ਸਨ, ਉਨ੍ਹਾਂ ਨੂੰ ਸ਼ਹੀਨ ਬਾਗ ਨਾਂਹ ਪੁੱਜਣ ਦੇਣ ਲਈ ਜਿਵੇਂ ਦਿੱਲੀ ਪੁਲਿਸ  ਨੇ ਖੱਜਲ ਕੀਤਾ, ਉਹ ਵੀ ਦੱਸਦਾ ਹੈ ਕਿ ਦਿੱਲੀ ਪੁਲਿਸ ਵੀ ਭਗਵਿਆਂ ਦੇ ਇਸ਼ਾਰੇ ਤੇ ਨੱਚ ਰਹੀ ਹੈ। ਪ੍ਰੰਤੂ ਜਿਸ ਦ੍ਰਿੜਤਾ ਨਾਲ ਪੰਜਾਬ ਦੇ ਕਿਸਾਨਾਂ ਨੇ ਪੁਲਿਸ ਨੂੰ ਉਨ੍ਹਾਂ ਨੂੰ ਰੋਕਣ ਤੋਂ ਪਿਛੇ ਹੱਟਣ ਲਈ ਮਜ਼ਬੂਰ ਕੀਤਾ, ਉਹ ਬੇਹੱਦ ਸ਼ਲਾਘਾਯੋਗ ਹੈ। ਭਾਵੇਂ ਸ਼ਹੀਨ ਬਾਗ ਨੇ ਭਗਵਿਆਂ ਵਿਰੁੱਧ, ਸਮੁੱਚੇ ਇਨਸਾਫ਼ ਪਸੰਦ ਲੋਕਾਂ ਨੂੰ ਵਿਰੋਧ ਦਾ ਇੱਕ ਸਾਂਝਾ ਪਲੇਟਫਾਰਮ ਦੇ ਦਿੱਤਾ ਹੈ, ਪ੍ਰੰਤੂ ਦੇਸ਼ ਦੇ ਚਾਰੇ ਥੰਮ੍ਹਾਂ ਦਾ ਭਗਵੇਂ ਰੰਗ 'ਚ ਰੰਗਿਆ ਜਾਣਾ, ਬੇਹੱਦ ਚਿੰਤਾਜਨਕ ਹੈ। ਅਕਾਲੀ ਧੜਿਆਂ ਵੱਲੋਂ ਭਾਜਪਾ ਦੀ ਹਮਾਇਤ ਕਰਕੇ ਸਿੱਖੀ ਸਿਧਾਤਾਂ ਨੂੰ ਜਿਹੜੀ ਵੱਡੀ ਸੱਟ ਮਾਰੀ ਗਈ ਸੀ, ਉਸਦੀ ਕੁਝ ਪੂਰਤੀ ਪੰਜਾਬ ਦੇ ਕਿਸਾਨਾਂ ਨੇ ਵੱਡੀ ਗਿਣਤੀ 'ਚ ਇਸ ਧਰਨੇ ਦੀ ਡੱਟਵੀਂ ਹਮਾਇਤ ਨਾਲ ਕਰਨ ਦਾ ਯਤਨ ਕੀਤਾ ਹੈ।

ਅਸੀਂ ਸਮਝਦੇ ਹਾਂ ਕਿ ਜੇ ਲੋਕਤੰਤਰ ਦੇ ਚਾਰੇ ਥੰਮਾਂ ਨੂੰ ਹੋ ਰਿਹਾ ਭਗਵਾਂ ਰੰਗ ਨਾ ਰੋਕਿਆ ਗਿਆ ਤਾਂ ਭਗਵੀਆਂ ਸ਼ਕਤੀਆਂ ਨੂੰ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਣ ਤੋਂ ਕੋਈ ਰੋਕ ਨਹੀਂ ਸਕੇਗਾ ਤੇ ਇਸ ਨਾਲ ਦੇਸ਼ ਨੂੰ ਟੁਕੜੇ-ਟੁਕੜੇ ਹੋਣੋ ਵੀ ਬਚਾਇਆ ਨਹੀਂ  ਜਾ ਸਕੇਗਾ। ਅੱਜ ਭਾਵੇਂ ਦੇਸ਼ 'ਚ ਭਗਵਿਆਂ ਦੇ ਦੇਸ਼ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਦਾ ਵਿਆਪਕ ਵਿਰੋਧ ਸ਼ੁਰੂ ਹੋ ਗਿਆ ਹੈ। ਪ੍ਰੰਤੂ ਦੇਸ਼ ਦੀਆਂ ਸਿਆਸੀ ਧਿਰਾਂ 'ਚ ਇੱਕਜੁੱਟਤਾ ਨਹੀਂ ਹੈ। ਇਸ ਲਈ ਭਗਵਿਆਂ ਦੇ ਚਾਰੇ ਥੰਮ੍ਹਾਂ ਤੇ ਪ੍ਰਭਾਵ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਦਿੱਲੀ ਚੋਣਾਂ ਦੇ ਨਤੀਜਿਆਂ ਤੇ ਬਹੁਤ ਕੁਝ ਨਿਰਭਰ ਰਹੇਗਾ, ਜੇ ਭਾਜਪਾ ਫ਼ਿਰਕੂ ਨਫ਼ਰਤ ਦੇ ਸਹਾਰੇ, ਵਿਕਾਸ ਨੂੰ ਪਿੱਛੇ ਧੱਕਣ 'ਚ ਸਫ਼ਲ ਹੋ ਜਾਂਦੀ ਹੈ ਤਾਂ ਭਗਵਿਆਂ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨੇ ਜਾਣ ਤੋਂ ਕੋਈ ਧਿਰ ਰੋਕ ਨਹੀਂ ਸਕਦੀ। ਇਸ ਖ਼ਤਰੇ ਨੂੰ ਜਿਹੜਾ  ਦੇਸ਼ ਦੀਆਂ ਘੱਟ ਗਿਣਤੀਆਂ ਤੇ ਬੁਰੀ ਤਰ੍ਹਾਂ ਮੰਡਰਾਂ ਰਿਹਾ ਹੈ, ਉਸਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਦਿੱਲੀ 'ਚ ਭਾਵੇਂ ਹਰ ਸੂਬੇ, ਹਰ ਰੰਗ, ਹਰ ਫ਼ਿਰਕੇ ਤੇ ਧਰਮ ਦੇ ਲੋਕਾਂ ਦੀ ਵੱਡੀ ਗਿਣਤੀ ਹੈ, ਗਰੀਬ ਤੋਂ ਗਰੀਬ, ਅਮੀਰ ਤੋਂ ਅਮੀਰ, ਬੇਵਕੂਫ ਤੋਂ ਬੇਵਕੂਫ, ਮਾੜੇ ਤੋਂ ਮਾੜੇ, ਇਸ ਲਈ ਦਿੱਲੀ ਤੋਂ ਆਉਂਦੇ ਹਰ ਸੁਨੇਹੇ ਨੂੰ ਦੇਸ਼ ਦੇ ਲੋਕ ਧਿਆਨ ਨਾਲ ਸੁਣਦੇ ਹਨ। ਪੰਜਾਬ ਦੇ ਕਿਸਾਨਾਂ ਨੇ ਜਿਹੜਾ ਹੋਕਾ ਦਿੱਲੀ 'ਚ ਜਾ ਕੇ ਦਿੱਤਾ ਹੈ, ਉਸ 'ਚ 1947 ਦੇ ਕਤਲੇਆਮ ਦਾ ਦਰਦ ਹੈ।  ਹਿੰਦੂਤਵੀਆਂ ਹੱਥੋਂ ਸਿੱਖ ਕਤਲੇਆਮ ਦਾ ਦਰਦਨਾਕ ਦ੍ਰਿਸ਼ ਵੀ ਦਿੱਲੀ ਨੇ ਵੇਖਿਆ ਹੋਇਆ ਹੈ, ਇਸ ਲਈ ਦਿੱਲੀ ਨੂੰ ਹਿੰਦੂਤਵ ਨੂੰ ਹਰ ਹਾਲਤ 'ਚ ਕਰਾਰਾ ਝਟਕਾ ਦੇਣਾ ਹੋਵੇਗਾ ਤਾਂ ਹੀ ਦੇਸ਼ ਦੇ ਚਾਰੇ ਥੰਮ ਆਪੋ-ਆਪਣੀ ਨਿਰਪੱਖ ਤੇ ਨਿੱਡਰ ਭੂਮਿਕਾ ਨਿਭਾਉਣ ਵੱਲੋਂ ਮੁੜਨਗੇ। ਨਹੀਂ ਤਾਂ ਫ਼ਿਰ  ਜੋ ਭਵਿੱਖ ਬਾਣੀ ਅਸੀਂ  ਉਪਰ ਕਰ ਆਏ ਭਾਵ ਹਿੰਦੂਤਵੀ ਜ਼ੁਲਮ ਤੇ ਦਹਿਸ਼ਤ ਲਈ ਤਿਆਰ ਹੋ ਜਾਣਾ ਚਾਹੀਦਾ ਹੈ।

Editorial
Jaspal Singh Heran

International