ਭਾਜਪਾ ਦਾ ਸਹਾਰਾ ਤੱਕਣ ਵਾਲੇ ਸਿੱਖ ਆਗੂ ਲਈ ਦਿੱਲੀ ਚੋਣਾਂ ਦਾ ਸੁਨੇਹਾ...

ਜਸਪਾਲ ਸਿੰਘ ਹੇਰਾਂ
ਦਿੱਲੀ ਚੋਣ ਦੇ ਭਾਵੇਂ ਕਿਆਫ਼ੇ ਨਤੀਜੇ ਆਏ ਹਨ ਤੇ ਅਸਲ ਨਤੀਜੇ ਅੱਜ ਆਉਣਗੇ। ਪ੍ਰੰਤੂ ਇਨ੍ਹਾਂ ਨਤੀਜਿਆਂ ਨੇ ਦੇਸ਼ ਦੀ ਸਿਆਸਤ ਤੇ ਕੀ ਪ੍ਰਭਾਵ ਪਾਉਣਾ ਹੈ, ਇਹ ਅਸੀਂ ਕੱਲ੍ਹ ਨਤੀਜੇ ਆਉਣ ਤੋਂ ਬਾਅਦ ਵਿਚਾਰਾਂਗੇ। ਪ੍ਰੰਤੂ ਇਨ੍ਹਾਂ ਨਤੀਜਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਸਿੱਖ, ਭਾਜਪਾ ਨੂੰ ਅਤੇ ਕਾਂਗਰਸ ਨੂੰ ਸਿਰੇ ਦੀ ਨਫ਼ਰਤ ਕਰਦੇ ਹਨ ਅਤੇ ਭਾਵੇਂ ਕੋਈ ਵੀ ਸਿੱਖ ਆਗੂ, ਚਾਹੇ ਆਪਣੇ ਆਪ ਨੂੰ ਜਿਨ੍ਹਾਂ ਮਰਜ਼ੀ ਕੌਮ ਦਾ ਠੇਕੇਦਾਰ ਸਮਝੇ, ਸਿੱਖ ਵੋਟਰ, ਉਸ ਦੇ ਆਖੇ ਲੱਗ ਕੇ, ਭਾਜਪਾ ਜਾਂ ਕਾਂਗਰਸ ਨੂੰ ਵੋਟ ਨਹੀਂ ਪਾਉਣ ਲੱਗੇ। ਬਾਦਲ ਦਲ ਵਾਲੇ ਜਿਹੜੇ ਭਾਜਪਾ ਨਾਲ ਆਪਣਾ ਨਹੁੰ-ਮਾਸ ਦਾ ਰਿਸ਼ਤਾ ਦੱਸਦੇ ਹਨ, ਉਨ੍ਹਾਂ ਵੱਲੋਂ ਭਾਜਪਾ ਵੱਲੋਂ ਧਿਰਕਾਰੇ ਜਾਣ ਦੇ ਬਾਵਜੂਦ , ਭਾਜਪਾ ਦੇ ਪੈਰੀ ਪੈ ਕੇ, ਹਾੜੇ ਕੱਢ ਕੇ ਸਿੱਖ ਵੋਟਰਾਂ ਦੇ ਮਨੋਂ ਆਪਣੇ ਆਪ ਨੂੰ ਹੋਰ ਦੂਰ ਕੀਤਾ ਹੈ। ਮਨਜੀਤ ਸਿੰਘ ਜੀ.ਕੇ. ਜਿਹੜਾ ਦਿੱਲੀ ਦੇ ਸਿੱਖਾਂ 'ਚ ਆਪਣੀ ਚੰਗੀ ਪੈਠ ਮੰਨਦਾ ਹੈ, ਉਸਨੂੰ ਵੀ ਭਾਜਪਾ ਦੇ ਝੋਲੀ ਪੈਣ ਕਾਰਨ , ਸਿੱਖਾਂ ਨੇ ਪੂਰੀ ਤਰ੍ਹਾਂ ਨਿਕਾਰ ਦਿੱਤਾ। ਜਿਹੜੇ ਸਿੱਖ ਆਗੂ, ਭਾਜਪਾ ਦੀ ਬੇੜੀ 'ਚ ਸਵਾਰ ਹੋਣ ਲਈ ਤਰਲੋਂ-ਮੱਛੀ ਸਨ ਜਾਂ ਹਨ। ਉਨ੍ਹਾਂ ਨੂੰ ਇਹ ਸਬਕ ਜ਼ਰੂਰ ਮਿਲ ਗਿਆ ਹੋਵੇਗਾ ਕਿ ਸਿੱਖ ਮਨਾਂ 'ਚ ਘੱਟ ਗਿਣਤੀਆਂ ਦੀ ਦੁਸ਼ਮਣ ਭਗਵਾਂ ਪਾਰਟੀ ਪੂਰੀ ਤਰ੍ਹਾਂ ਅਖਰਦੀ ਹੈ। ਹੁਣ ਫੁੱਟੀ ਅੱਖ ਵੀ ਨਹੀਂ ਭਾਉਂਦੀ। ਇਸ ਕਾਰਣ ਜਿਸ ਸਿੱਖ ਆਗੂ ਨੇ ਸਿੱਖਾਂ 'ਚ ਆਪਣਾ ਵਕਾਰ ਖ਼ਤਮ ਕਰਨਾ ਹੈ, ਹੋਂਦ ਨੂੰ ਖ਼ਤਰਾ ਸਹੇੜਨਾ ਹੈ, ਉਹ ਭਾਜਪਾ ਦੀ ਝੋਲੀ ਪੈ ਜਾਵੇ। ਕੌਮ ਦੇ ਸਹਾਰੇ ਦੀ ਆਸ ਬਿਲਕੁਲ ਨਾ ਰਖੇ। ਨਤੀਜਿਆਂ  ਤੋਂ ਪਹਿਲਾ ਜਿਹੜੇ ਕਿਆਫ਼ਾ ਅੰਕੜੇ ਆਏ ਹਨ, ਉਨ੍ਹਾਂ ਅਨੁਸਾਰ ਦਿੱਲੀ ਦੇ 61 ਫ਼ੀਸਦੀ ਸਿੱਖਾਂ ਨੇ ਭਾਜਪਾ ਦਾ ਡੱਟਵਾਂ ਵਿਰੋਧ  ਕੀਤਾ ਹੈ। ਇਨ੍ਹਾਂ 61 ਫ਼ੀਸਦੀ ਸਿੱਖ ਵੋਟਰਾਂ ਨੇ ਭਾਜਪਾ ਤੇ ਕਾਂਗਰਸ ਦੇ ਵਿਰੋਧ 'ਚ ਵੋਟ ਪਾਈ ਹੈ।

ਅਸੀਂ ਸਮਝਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਮੁੱਖੀ ਕੇਜਰੀਵਾਲ ਨੂੰ ਵੀ ਭਾਵੇਂ ਬਹੁਤ ਸਿੱਖ ਹਮਦਰਦ ਨਹੀਂ ਆਖਿਆ ਜਾ ਸਕਦਾ, ਪ੍ਰੰਤੂ ਭਾਜਪਾ ਪ੍ਰਤੀ ਸਿੱਖਾਂ ਦੀ ਗੂੜ੍ਹੀ ਨਫ਼ਰਤ ਨੇ 61 ਫ਼ੀਸਦੀ  ਸਿੱਖਾਂ ਨੂੰ ਆਪ ਨੂੰ ਵੋਟ ਪਾਉਣ ਲਈ ਮਜ਼ਬੂਰ ਕੀਤਾ ਹੈ। ਇਹ ਸਬਕ ਭਾਜਪਾ ਨੂੰ ਨਹੀਂ, ਸਗੋਂ ਉਨ੍ਹਾਂ ਸਾਰੀਆਂ ਸਿੱਖ ਅਖਵਾਉਂਦੀ  ਜਥੇਬੰਦੀਆਂ, ਧੜ੍ਹਿਆਂ ਤੇ ਆਗੂਆਂ ਨੂੰ  ਜਿਹੜੇ ਬਿਨ੍ਹਾਂ ਬੁਲਾਏ ਹੀ ਭਾਜਪਾ ਦੇ ਮਹਿਮਾਨ ਬਣਨ ਨੂੰ ਕਾਹਲੇ ਹਨ,  ਦਿੱਤਾ ਹੈ। ਭਾਜਪਾ ਦੀ ਘੱਟ ਗਿਣਤੀਆਂ ਪ੍ਰਤੀ ਜ਼ਹਿਰੀਲੀ ਸੋਚ ਅਤੇ ਸਿੱਖੀ ਨੂੰ ਹੜ੍ਹੱਪਣ ਦੇ ਮਨਸੂਬਿਆਂ ਨੂੰ ਸਿੱਖ ਕੌਮ ਝੱਲਣ ਲਈ ਤਿਆਰ ਨਹੀਂ। ਭਾਜਪਾ ਨੇ ਭਾਵੇਂ ਸਿੱਖਾਂ ਨੂੰ ਝੂਠਾ ਚੋਗਾ ਪਾਉਣ ਦਾ ਯਤਨ ਕੀਤਾ ਵੀ ਹੈ। ਕਰਤਾਰਪੁਰ ਸਾਹਿਬ ਲਾਂਘੇ ਦਾ ਅਹਿਸਾਨ ਵੀ ਜਿਤਾਇਆ ਹੈ। ਪ੍ਰੰਤੂ ਸਿੱਖ ਉਸਦੇ ਅਸਲੀ ਤੇ ਸਿੱਖਾਂ ਪ੍ਰਤੀ ਨਫ਼ਰਤ ਨਾਲ ਕਾਲੇ ਚਿਹਰੇ ਨੂੰ ਹੁਣ ਬਾਖੂਬੀ ਪਹਿਚਾਣ ਗਏ ਹਨ। ਇਸ ਲਈ ਭਾਵੇਂ ਕੋਈ ਸਿੱਖ ਆਗੂ ਜਾਂ ਧੜ੍ਹਾ ਭਾਜਪਾ ਨੂੰ ਦੁੱਧ ਨਾਲ ਧੋਅ ਕੇ ਵੀ ਖੜ੍ਹਾ ਕਰੇ, ਪ੍ਰੰਤੂ ਸਿੱਖ ਉਸਦੇ ਨੇੜੇ ਜਾਣ ਲਈ ਤਿਆਰ ਨਹੀਂ ਹੋਣਗੇ। ਜਿਹੜੀਆਂ ਧਿਰਾਂ ਪੰਜਾਬ 'ਚ ਭਾਜਪਾ ਸਹਾਰੇ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਦੀ ਸੱਤਾ ਹਥਿਆਉਣ ਦਾ ਸੁਫ਼ਨਾ ਵੇਖ ਰਹੀ ਹਨ, ਉਨ੍ਹਾਂ ਨੂੰ ਦਿੱਲੀ ਚੋਣਾਂ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ, ਪੰਥਕ ਅਖਵਾਉਂਦੀਆਂ ਧਿਰਾਂ ਨੂੰ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਪਵੇਗਾ।

ਇਸ ਸਮੇਂ ਪੰਜਾਬ ਦੀ ਸਿਆਸਤ 'ਚ ਸਿੱਖ ਸਿਆਸਤ ਦਾ ਵਿਹੜਾ ਖ਼ਾਲੀ ਹੈ। ਸਿੱਖ ਕੌਮ ਭਾਜਪਾ, ਕਾਂਗਰਸ ਅਤੇ ਭਾਜਪਾ ਦੇ ਪਿੱਛੇ ਲੱਗੂਆਂ ਤੋਂ ਖਹਿੜਾ ਛੁਡਾਉਣ ਦਾ ਮਨ ਬਣਾ ਚੁੱਕੀ ਹੈ। ਜੇ ਪੰਥਕ ਧਿਰਾਂ, ਇਕੱਠੀਆਂ ਹੋਕੇ, ਸਾਂਝੇ ਏਜੰਡੇ ਤੇ ਇਕਜੁੱਟ ਨਹੀਂ ਹੁੰਦੀਆਂ ਤੇ ਤੀਜਾ ਬਦਲ ਤਿਆਰ ਨਹੀਂ ਕਰਦੀਆਂ ਤਾਂ ਪੰਜਾਬ 'ਚ ਆਪ ਮੁੜ ਤੋਂ ਤੀਜੀ ਧਿਰ ਵਜੋਂ ਪੈਰ ਲਾਉਣ ਦਾ ਯਤਨ ਕਰ ਸਕਦੀ ਹੈ। ਜੇ ਪੰਜਾਬ ਦੇ ਲੋਕਾਂ ਨੇ ਆਪ ਨੂੰ, ਮੁੜ ਸਵੀਕਰ ਕਰਨ ਵੱਲ ਪੈਰ ਵਧਾਏ ਤਾਂ ਫ਼ਿਰ ਪੰਥਕ ਧਿਰਾਂ ਜੋ ਮਰਜ਼ੀ ਜ਼ੋਰ ਲਾ ਲੈਣ, ਉਹ ਤੀਜਾ ਬਦਲ ਪੇਸ਼ ਨਹੀਂ ਕਰ ਸਕਦੀਆਂ। ਦਿੱਲੀ ਚੋਣਾਂ, ਸਿੱਖ ਸਿਆਸਤ ਨੂੰ ਨਵੀਂ ਦਿਸ਼ਾ ਦੇਣ ਲਈ ਬੁਨਿਆਦ ਬਣ ਸਕਦੀਆਂ ਹਨ। ਦਿੱਲੀ ਚੋਣ ਨਤੀਜਿਆਂ ਤੋਂ ਬਾਅਦ, ਪੰਜਾਬ ਦੀ ਅਤੇ ਸਿੱਖ ਸਿਆਸਤ 'ਚ ਕੀ ਉੱਥਲ-ਪੁੱਥਲ ਹੁੰਦੀ ਹੈ?  ਉਹ 2022 ਦੇ ਨਤੀਜਿਆਂ ਦਾ ਮੁਢ ਹੋਵੇਗਾ।

Editorial
Jaspal Singh Heran

International