ਜ਼ਹਿਰੀਲੀ ਗੈਸ ਚੜ੍ਹਨ ਕਾਰਨ ਦੋ ਦੀ ਮੌਤ-ਦੋ ਦੀ ਹਾਲਤ ਗੰਭੀਰ

ਜ਼ੀਰਕਪੁਰ, 17 ਨਵੰਬਰ (ਅਵਤਾਰ ਸਿੰਘ/ਪ. ਪ)-ਬੀਤੀ ਰਾਤ ਅੰਬਾਲਾ ਤੋਂ ਵਿਆਹ ਸਮਾਗਮ ਨਿਪਟਾਕੇ ਬੰਦ ਕੰਨਟੇਨਰ ਵਿੱਚ ਤੰਦੂਰ ਅਤੇ ਕੈਟਰਿੰਗ ਸਟਾਫ ਲੱਦਕੇ ਜ਼ੀਰਕਪੁਰ ਆ ਰਹੇ ਕੰਨਟੇਨਰ ਵਿੱਚ ਤੰਦੂਰਾਂ ਨਾਲ ਜ਼ਹਿਰੀਲੀ ਗੈਸ ਪੈਦਾ ਹੋਣ ਕਾਰਨ ਪਿਓ-ਪੁੱਤਰ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਹਾਲਤ 'ਚ ਜੇ. ਪੀ. ਹਸਪਤਾਲ 'ਚ ਜੇਰੇ ਇਲਾਜ ਦਾਖਲ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। ਹਾਸਿਲ ਜਾਣਕਾਰੀ ਅਨੁਸਾਰ ਸ਼ੈਫ ਐਂਡ ਵੈਟਰਨ ਕੈਟਰਰ ਦੀ ਗੱਡੀ ਬੀਤੀ ਰਾਤ ਅੰਬਾਲਾ ਵਿਖੇ ਇੱਕ ਵਿਆਹ ਸਮਾਗਮ ਨਿਪਟਾ ਕੇ ਆ ਰਹੀ ਸੀ। ਕੈਟਰਿੰਗ ਗੱਡੀ ਵਿੱਚ ਬਲਦੇ 10 ਤੰਦੂਰ ਲੱਦੇ ਹੋਏ ਸਨ। ਦੱਪਰ ਟੋਲ ਪਲਾਜਾ ਕੋਲ ਗੱਡੀ ਚਾਲਕ ਦੇ ਕਹਿਣ 'ਤੇ ਅਬਦੁਲ ਸਿਤਾਰ (60), ਉਸ ਦਾ ਲੜਕਾ ਰਾਜੂ (20), ਸਲੀਮ ਅਤੇ ਕਲੀਮ ਸਾਰੇ ਵਾਸੀ ਲਖਨਊ (ਯੂ. ਪੀ) ਹਾਲ ਵਾਸੀ ਕਜਹੇੜੀ ਚੰਡੀਗੜ੍ਹ ਗੱਡੀ ਦੇ ਕੰਨਟੇਨਰ ਵਿੱਚ ਬੈਠ ਗਏ, ਜਿਥੇ ਦਰਵਾਜਾ ਬੰਦ ਹੋਣ ਕਾਰਨ ਤੰਦੂਰਾਂ ਨਾਲ ਜ਼ਹਿਰੀਲੀ ਗੈਸ ਪੈਦਾ ਹੋ ਗਈ। ਇਸੇ ਦੌਰਾਨ ਜਦੋਂ ਬਲਟਾਣਾ ਆ ਕੇ ਚਾਲਕ ਨੇ ਕੰਨਟੇਨਰ ਵਿੱਚੋਂ ਸਾਮਾਨ ਉਤਾਰਨ ਲਈ ਕੰਨਟੇਨਰ ਦਾ ਦਰਵਾਜਾ ਖੋਲ੍ਹਿਆ ਤਾਂ ਕੰਨਟੇਨਰ ਵਿੱਚ ਸਵਾਰ ਅਬਦੁਲ ਸਿਤਾਰ ਅਤੇ ਉਸ ਦੇ ਪੁੱਤਰ ਰਾਜੂ ਦੀ ਮੌਤ ਹੋ ਚੁੱਕੀ ਸੀ, ਜਦਕਿ ਕਲੀਮ ਉਰਫ ਰਾਜੂ ਅਤੇ ਮੁਹੰਮਦ ਸਲੀਮ ਨੂੰ ਨਾਜ਼ੁਕ ਹਾਲਤ ਵਿੱਚ ਸਥਾਨਕ ਜੇ. ਪੀ. ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਥੇ ਆਈ. ਸੀ. ਯੂ. ਵਿੱਚ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਪਹਿਲੀ ਨਜ਼ਰੇ ਇਹ ਹਾਦਸਾ ਗੱਡੀ ਚਾਲਕ ਦੀ ਅਣਗਹਿਲੀ ਕਾਰਨ ਹੋਇਆ ਜਾਪਦਾ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਹੈ, ਜਿਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

International