ਸੌਦਾ ਸਾਧ ਨੂੰ ਮੁਆਫ਼ੀ ਦੇਣ ਵਾਲੇ ਜਥੇਦਾਰਾਂ ਤੋਂ ਉਨਾਂ ਦੇ ਪਰਿਵਾਰ ਵਾਲੇ ਵੀ ਵੱਟਣ ਲੱਗੇ ਪਾਸਾ

ਸਾਥੀ ਸਿੰਘ ਸਾਹਿਬ ਵੀ ਫ਼ਤਿਹ ਬੁਲਾਉਣ ਤੋਂ ਕਰਨ ਲੱਗੇ ਗੁਰੇਜ਼

ਅੰਮਿ੍ਰਤਸਰ 28 ਸਤੰਬਰ (ਨਰਿੰਦਰ ਪਾਲ ਸਿੰਘ)  ਡੇਰਾ ਸਿਰਸਾ ਮੁੱਖੀ ਨੂੰ ਮੁਆਫੀ ਦਿੱਤੇ ਜਾਣ ਦੇ ਚਾਰ ਦਿਨ ਬੀਤ ਜਾਣ ਬਾਅਦ ਵੀ ਜਿਥੇ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਗੁਰਮੁੱਖ  ਸਿੰਘ ਸਿੱਧੇ ਤੌਰ ਤੇ ਸਿੱਖ ਸੰਂਗਤਾਂ ਦੇ ਸਨਮੁੱਖ ਹੋਣ ਤੋਂ ਕਿਨਾਰਾ ਕਰ ਰਹੇ ਹਨ ਉਥੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਕੀ ਸਾਥੀ ਸਿੰਘ ਸਾਹਿਬਾਨ ਨੇ ਵੀ ਇਨਾਂ ਦੋ ਜਥੇਦਾਰਾਂ ਤੋਂ ਬਰਾਬਰ ਦੀ ਦੂਰੀ ਬਣਾਈ ਹੋਈ ਹੈ।ਸਿੰਘ ਸਾਹਿਬਾਨ ਦੁਆਰਾ ਲਏ ਗਏ 24 ਸਤੰਬਰ ਦੇ ਫੈਸਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਦੱਸਕੇ ਸਹੀ ਦਰਸਾਉਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਅਧਿਕਾਰੀ ਵੀ ਕਿਸੇ ਤੋਂ ਪਿੱਛੇ ਨਹੀ ਹਨ ਲੇਕਿਨ ਫੈਸਲੇ ਕਾਰਣ ਕੌਮ ਵਿੱਚ ਪਈ ਦੁਵਿਧਾ ਤੇ ਪੈਦਾ ਹੋਏ ਰੋਸ ਲਈ ਜਿੰਮੇਵਾਰ ਕੌਣ ਬਾਰੇ ਪੁੱਛੇ ਜਾਣ ਤੇ ਇਹ ਅਧਿਕਾਰੀ ਪਿੱਛਾ ਛੁਡਾਉਣ ਵਿੱਚ ਹੀ ਭਲਾ ਸਮਝਦੇ ਹਨ।ਡੇਰਾ ਸਿਰਸਾ ਮੁਖੀ ਨੂੰ ਮੁਆਫ ਕੀਤੇ ਜਾਣ ਬਾਅਦ ਪੈਦਾ ਹੋਏ ਹਾਲਾਤਾਂ ਨੂੰ ਲੈਕੇ ਸਿੰਘ ਸਾਹਿਬਾਨ ਦੇ ਸਾਥੀ ਸਿੰਘ ਸਾਹਿਬਾਨ ਦੀ ਰਾਏ ਜਾਨਣ ਲਈ ਜਦੋਂ ਉਚੇਚ ਕੀਤੀ ਗਈ ਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਅ ਰਹੇ  ਹਰੇਕ ਸਿੰਘ ਸਾਹਿਬ ਨੇ ਖੁੱਦ ਨੂੰ ਇਸ ਵਿਵਾਦਤ ਤੋਂ ਦੂਰ ਰੱਖਣਾ ਹੀ ਠੀਕ ਸਮਝਿਆ ।ਦਰਪੇਸ਼ ਸਿੱਖ ਮਸਲਿਆਂ ਦੇ ਹੱਲ ਲਈ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿੱਚ ਸ਼ਮੂਲੀਅਤ ਕਰਨ ਵਾਲੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਕੁਝ ਸੀਨੀਅਰ ਗ੍ਰੰਥੀ ਸਾਹਿਬਾਨ ਨੇ ਦੱਬੀ ਜ਼ੁਬਾਨ ਨਾਲ ਇਹ ਜਰੂਰ ਸਵੀਕਾਰ ਕੀਤਾ ਹੈ ਕਿ ਸੌਦਾ ਸਾਧ ਦੇ ਮਾਮਲੇ ਵਿੱਚ ਸਿੰਘ ਸਾਹਿਬਾਨ ਵਲੋਂ ਬੜੀ ਤੇਜੀ ਵਿਖਾਈ ਗਈ ਹੈ ਜੋਕਿ ਨਹੀ ਸੀ ਹੋਣੀ ਚਾਹੀਦੀ ।ਸ੍ਰੀ ਹਰਿਮੰਦਰ ਸਾਹਿਬ ਦੇ ਇਹ ਸਤਿਕਾਰਤ ਸਿੰਘ ਸਾਹਿਬਾਨ ਇਹ ਵੀ ਮਹਿਸੂਸ  ਕਰਦੇ ਹਨ ਕਿ 24 ਸਤੰਬਰ ਦੇ ਫੈਸਲੇ ਨਾਲ ਸਮੁੱਚੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਏ ਜਾਣ ਵਾਲੇ ਫੈਸਲਿਆਂ ਪ੍ਰਤੀ ਪ੍ਰਸ਼ਨ ਚਿੰਨ ਜਰੂਰ ਲੱਗ ਗਿਆ ਹੈ ।ਉਹ ਇਹ ਵੀ ਮਹਿਸੂਸ ਕਰਦੇ ਹਨ ਕਿ ਜਥੇਦਾਰਾਂ ਦੇ ਇਸ ਫੈਸਲੇ ਦਾ ਸੰਤਾਪ ਸਿੱਧੇ ਅੱਸਿਧੇ ਢੰਗ ਨਾਲ ਬਾਕੀ ਸਿੰਘ ਸਾਹਿਬਾਨ ਨੂੰ ਵੀ ਭੋਗਣਾ ਪੈ ਸਕਦਾ ਹੈ।

ਇਥੇ ਹੀ ਬੱਸ ਨਹੀ ਖੁੱਦ ਗਿਆਨੀ ਗੁਰਮੁੱਖ ਸਿੰਘ ਹੁਰਾਂ ਦੇ ਸਤਿਕਾਰਤ ਮਾਤਾ ਪਿਤਾ ਵੀ  ਆਪਣੇ ਪੁੱਤਰ ਦੀ ਅਜੇਹੇ ਫੈਸਲੇ ਵਿੱਚ ਸ਼ਮੂਲੀਅਤ ਤੋਂ ਬੇਹੱਦ ਹਤਾਸ਼ ਤੇ ਮਾਯੂਸ ਹਨ।ਪ੍ਰੀਵਾਰਕ ਜੀਅ ਜਿਥੇ ਬਜੁਰਗ ਜੋੜੀ ਨੂੰ ਢਾਰਸ ਦੇਣ ਲਈ ਯਨਤਸ਼ੀਲ ਹਨ ਉਥੇ ਉਨਾਂ ਖੁੱਦ ਗਿਆਨੀ ਗੁਰਮੁੱਖ ਸਿੰਘ ਨਾਲ ਫਤਿਹ ਦੀ ਸਾਂਝ ਖਤਮ ਕੀਤੀ ਹੋਈ ਹੈ। ਆਪਣਾ ਨਾਮ ਨਾ ਛੱਪੇ ਜਾਣ ਦੀ ਸ਼ਰਤ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਇਹ ਸਿੰਘ ਸਾਹਿਬਾਨ ਸਿੱਖ ਸੰਗਤਾਂ  ਨੂੰ ਇਹ ਸੁਨੇਹਾ ਵੀ ਜਰੂਰ ਦੇਣਾ ਚਾਹੁੰਦੇ ਹਨ ਕਿ ਉਹ ਕੌਮ ਦੇ ਦਰਦ ਨੂੰ ਆਪਣੀ ਪੀੜਾ ਮਹਿਸੂਸ ਕਰਦੇ ਹਨ। ਸ਼ੋਸ਼ਲ ਮੀਡੀਆ ਰਾਹੀਂ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਪ੍ਰਤੀ ਕੀਤੀਆਂ ਸਖਤ ਟਿਪਣੀਆਂ ਦੀ ਗਲ ਕਰਦਿਆਂ ਸਿੰਘ ਸਾਹਿਬਾਨ ਕਹਿੰਦੇ ਹਨ ਕਿ ਇਹ ਇੱਕਲੇ ਗਿਆਨੀ ਗੁਰਬਚਨ ਸਿੰਘ ,ਗਿਆਨੀ ਗੁਰਮੁੱਖ ਸਿੰਘ ਜਾਂ ਫੈਸਲਾ ਲੈਣ ਵਾਲੇ ਬਾਕੀ ਸਿੰਘ ਸਾਹਿਬ ਦੇ ਸਤਿਕਾਰ ਨੂੰ ਠੇਸ ਨਹੀ  ਬਲਕਿ ਸਮੁੱਚੇ ਸਿੰਘ ਸਾਹਿਬਾਨ ਪ੍ਰਤੀ ਬੇਵਿਸ਼ਵਾਸ਼ੀ ਅਤੇ ਨਾਰਾਜਗੀ ਦਾ ਇਜ਼ਹਾਰ ਹੈ।ਇਸ ਸਬੰਧ ਵਿੱਚ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਾਲ ਗਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਸੋਸ਼ਲ ਮੀਡੀਆ ਤੇ ਕਿਸੇ ਵਿਅਕਤੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾਮ ਨਾਲ ਉਨਾਂ (ਵੇਦਾਂਤੀ)ਦਾ ਮੋਬਾਇਲ ਨੰਬਰ ਲ਼ਿਖ ਦਿੱਤਾ ਜਿੱਸ ਕਾਰਣ ਵੇਦਾਂਤੀ ਜੀ ਨੂੰ ਵੀ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਦੀਆਂ ਖਰੀਆਂ ਖਰੀਆਂ ਸੁਨਣੀਆਂ ਪਈਆਂ ।ਅਮਰੀਕਾ ਦੌਰੇ ਤੇ ਪ੍ਰਚਾਰ ਹਿੱਤ ਗਏ ਪੰਥ ਪ੍ਰਸਿੱਧ ਰਾਗੀ ਅਤੇ ਕਥਾਵਚਾਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਪੰਜ ਸਿੰਘ ਸਾਹਿਬਾਨ ਦੇ 24 ਸਤੰਬਰ ਦੇ ਫੈਸਲੇ ਪ੍ਰਤੀ ਕੀਤੀਆਂ ਟਿਪਣੀਆਂ ਦਾ ਹਵਾਲਾ ਦਿੰਦਿਆਂ ਗਿਆਨੀ ਵੇਦਾਂਤੀ ਨੇ ਕਿਹਾ ਕਿ ਜੇਕਰ ਕੌਮ ਦੇ ਧਾਰਮਿਕ ਮੁੱਖੀ ਅਤੇ ਪ੍ਰਚਾਰਕ ਵੀ ਫੈਸਲੇ ਦੇ ਖਿਲਾਫ ਹਨ ਤਾਂ ਸੰਗਤ ਦੇ ਰੋਹ ਦਾ ਅੰਦਾਜ਼ਾ ਜਰੂਰ ਲਗਾਉਣਾ  ਤੇ ਇਸਤੋਂ ਬਚਣਾ ਜਰੂਰੀ ਹੈ ।ਜਿਕਰਯੋਗ ਹੈ ਕਿ ਮੁੰਬਈ ਵਿਖੇ ਸੋਦਾ ਸਾਧ ਨਾਲ ਤਕਰਾਰ ਕਾਰਣ ਸ਼ਹੀਦ ਹੋਣ ਵਾਲੇ ਭਾਈ ਬਲਕਾਰ ਸਿੰਘ ਦੀ ਅੰਤਿਮ ਅਰਦਾਸ ਸਮਾਗਮ ਮੌਕੇ ਪੁੱਜੇ ਗਿਆਨੀ ਵੇਦਾਂਤੀ ਨੂੰ ਸੰਗਤ ਨੇ ਬੋਲਣ ੋਤੋਂ ਰੋਕ ਦਿੱਤਾ ਸੀ ।ਇਹ ਵੀ ਜਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਹੁਰਾਂ ਦੀ ਇਸ ਵਿਵਾਦਤ ਫੈਸਲੇ  ਬਾਰੇ ਵਿਚਾਰਾਂ ਦੀ ਆਡੀਓ ਪਹਿਲਾਂ ਹੀ ਸੰਗਤ ਤੀਕ ਪੁਜ ਚੁੱਕੀ ਹੈ 

    

ਸੌਦਾ ਸਾਧ ਨੂੰ ਮੁਆਫ਼ੀ ਦੇਣ ਵਾਲੇ ਜਥੇਦਾਰਾਂ ਦੀ ”ਬਲੀ” ਦੇਣ ਦੀ ਤਿਆਰੀ ਹੋਣ ਲੱਗੀ, ਬਾਦਲ ਨੇ ਸੱਦੀ ਅੰਤਰਿੰਗ ਕਮੇਟੀ

ਦੀ ਮੀਟਿੰਗ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਜਥੇਦਾਰਾਂ ਦੀ ਛੁੱਟੀ ਹੋ ਸਕਦੀ ਹੈ ? ਅੱਜ ਇਹ ਅਟਕਲਾਂ ਉਸ ਸਮੇਂ ਸ਼ੁਰੂ ਹੋ ਗਈਆਂ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਸਮਾਜ ਦੀ ਮੀਟਿੰਗ ’ਚ ਜਥੇਦਾਰਾਂ ਦੇ ਅਸਤੀਫਿਆਂ ਦੀ ਮੰਗ ਤੋਂ ਤੁਰੰਤ ਬਾਅਦ 29 ਸਤੰਬਰ ਨੂੰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾ ਲਈ । ਅੰਦਰੋ -ਅੰਦਰੀ ਮਿਲਦੀਆਂ ਕੰਨਸੋਆਂ ਤੋਂ ਬਾਅਦ ਹੁਣ ਦੂਜੇ ਹੁਕਮ ਦੀ ਪਾਲਣਾ ਦੀ ਤਿਆਰੀ ਹੋ ਰਹੀ ਹੈ । ਇਉਂ ਬਾਦਲ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਲਈ ਲੰਗਰ ਲੰਗੋਟੇ ਕਸ ਰਹੇ ਹਨ । ਸੰਤ ਸਮਾਜ ਵਲੋਂ ਐਨਾ ਰੌਲਾ ਪੈਣ ਤੋਂ ਬਾਅਦ ਜਥੇਦਾਰਾਂ ਦੇ ਅਸਤੀਫਿਆਂ ਜਾਂ ਫੈਸਲੇ ’ਤੇ ਪੁਨਰ ਵਿਚਾਰ ਦੀ ਮੰਗ ਨੇ ਦਾਲ ’ਚ ਕੁਝ ਕਾਲਾ -ਕਾਲਾ ਹੋਣ ਦੀ ਚਰਚਾ ਛੇੜੀ ਸੀ ਜਿਸ ਨੂੰ ਸ਼ਾਮ ਤੱਕ ਪੂਰੀ ਤਾਕਤ ਮਿਲ ਗਈ ਜਦੋਂ ਮੁੱਖ ਮੰਤਰੀ ਵਲੋਂ ਅੰਤਰਿੰਗ ਕਮੇਟੀ ਦੀ ਸੱਦੀ ਹੰਗਾਮੀ ਮੀਟਿੰਗ ਦੀ ਚਰਚਾ ਹੋਣ ਲੱਗ ਪਈ । ਸੌਦਾ ਸਾਧ ਦੇ ਮਾਮਲੇ ’ਚ ਦਿੱਤੀ ਮੁਆਫੀ ਵਿਰੁੱਧ ਕੌਮ ’ਚ ਪੈਦਾ ਹੋਏ ਗੁੱਸੇ ਤੇ ਰੋਹ ਤੋਂ ਬਾਦਲ ਕੇ ਅਤੇ ਉਹਨਾਂ ਦੇ ਸਾਰੇ ਸਾਥੀ ਡਰੇ ਤੇ ਘਬਰਾਏ ਹੋਏ ਸਨ, ਜਿਸ ਕਾਰਣ ਇਨਾਂ ਜਥੇਦਾਰਾਂ ਦੀ ਬਲੀ ਦੇ ਕੇ , ਇੱਕ ਪਾਸੇ ਕੌਮ ਦੀਆਂ ਭੜਕੀਆਂ ਭਾਵਨਾਵਾਂ ਨੂੰ ਠੰਡਾ ਕਰਨ ਅਤੇ ਦੂਜੇ ਪਾਸੇ ਨਾਗਪੁਰੀ ਤਖਤ ਤੇ ਸੰਤ ਸਮਾਜ ਦੇ ਅੰਦਰੂਨੀ ਸਮਝੌਤੇ ਅਨੁਸਾਰ ਆਰ ਐਸ ਐਸ ਦੇ ਖਾਸ-ਮ-ਖਾਸ ਨਵੇਂ ਜਥੇਦਾਰ ਥਾਪੇ ਜਾਣਗੇ । ਇਥੇ ਵਰਨਣਯੋਗ ਹੈ ਕਿ ਅੰਤਰਿਗ ਕਮੇਟੀ ’ਚ ਦੋ ਮੈਂਬਰ ਬਾਦਲ ਵਿਰੋਧੀ ਧੜਿਆਂ ਦੇ ਹਨ , ਜਦੋਂ ਕਿ ਜਥੇਦਾਰ ਸੁਖਦੇਵ ਸਿੰਘ ਭੋਰ ਤੇ ਕਰਨੈਲ ਸਿੰਘ ਪੰਜੋਲੀ ਇਸ ਫੈਸਲੇ ਦਾ ਕਰੜਾ ਵਿਰੋਧ ਕਰ ਚੁੱਕੇ ਹਨ । ਅੰਦਰੋ- ਅੰਦਰੀ  2-3 ਹੋਰ ਮੈਂਬਰ ਵੀ ਬਾਗੀ ਹੋਣ ਲਈ ਥਿਆਰ ਹਨ ਇਸ ਲਈ ਬਾਦਲ ਵਲੋਂ ਕਿਸੇ ਹੋਰ ਧਮਾਕੇ ਤੋਂ ਪਹਿਲਾਂ ,ਖੁਦ ਹੀ ਅੰਤਰਿੰਗ ਕਮੇਟੀ ਦੀ ਭੈਠਕ ਬੁਲਾ ਕੇ ਜਥੇਦਾਰਾਂ ਦੀ ਛੁੱਟੀ ਕੀਤੀ ਜਾ ਸਕਦੀ ਹੈ ।

International