ਜੱਥੇਦਾਰੋ! ਕੌਮ ਤੋਂ ਬੇਦਾਵਾ ਪੜਵਾਓ, ਮੁੜ ਸਿੰਘ ਸਾਹਿਬ ਬਣੋ

ਜਸਪਾਲ ਸਿੰਘ ਹੇਰਾਂ
ਅੱਜ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਗਿਆਨੀ ਮੱਲ ਸਿੰਘ ਤੇ ਇੱਕ ਪਾਠੀ ਸਿੰਘ ਨੇ ਹਮਲਾ ਕਰ ਦਿੱਤਾ। ਇਹ ਸਿੰਘ ਵੀ ਸ਼੍ਰੋਮਣੀ ਕਮੇਟੀ ਦਾ ਕੱਚਾ ਮੁਲਾਜ਼ਮ ਹੈ। ਅਸੀਂ ਇਸ ਚਿੰਤਾਜਨਕ ਖਬਰ ਨੂੰ ਬਹੁਤ ਹੀ ਦੁੱਖਦਾਈ ਮੰਨਦੇ ਹਾਂ ਅਤੇ ਮੰਨਦੇ ਹਾਂ ਕਿ ਕੌਮ ਇਸ ਬਾਰੇ ਚਿੰਤਾ ਤੇ ਚਿੰਤਨ ਦੋਵੇਂ ਕਰੇ। ਪ੍ਰੰਤੂ ਅਸੀਂ ਕੌਮ ਦੇ ਜੱਥੇਦਾਰਾਂ ਨੂੰ ਜਿਹੜੇ ਕੌਮ ਨੇ ਗੁਨਾਹਗਾਰਾਂ ਅਤੇ ਗੱਦਾਰਾਂ ਦੀ ਕਤਾਰ ’ਚ ਖੜੇ ਕੀਤੇ ਹਨ , ਉਨਾਂ ਨੂੰ ਇਹ ਅਪੀਲ ਜ਼ਰੂਰ ਕਰਾਂਗੇ, ਉਨਾਂ ਨੇ ਆਪਣੀ ਜ਼ਮੀਰ ਵੇਚ ਕੇ ਬਾਦਲਾਂ ਦੀ ਗੁਲਾਮੀ ਕਰਕੇ “ਕੀ ਖੱਟਿਆ ਤੇ ਕੀ ਗੁਆਇਆ” ਇਸ ਦਾ ਲੇਖਾ ਜੋਖਾ ਮਨ ’ਚ ਝਾਤੀ ਮਾਰ ਜਾਂ ਆਪਣੇ ਇਰਦ ਗਿਰਦ ਪੰਜਾਬ ਪੁਲਿਸ ਦੀਆਂ ਧਾੜਾਂ ਦੀ ਸੁਰੱਖਿਆ ਤੇ ਜਾਂ ਫਿਰ ਥਾਂ-ਥਾਂ ਫੂਕੇ ਜਾ ਰਹੇ ਪੁਤਲਿਆਂ ਤੇ ਸ਼ੋਸਲ ਮੀਡੀਆ ਤੇ ਨਿਕਲ ਰਹੇ ਜਲੂਸ ਤੋਂ ਅੰਦਾਜ਼ਾ ਲਾ ਲੈਣ ਕਿ ਕਿਥੇ ਉਹ ਜੱਥੇਦਾਰ ਅਕਾਲੀ ਫੂਲਾ ਸਿੰਘ ਵਰਗੇ  ਜਥੇਦਾਰ ਜਿਨਾਂ ਦਾ ਨਾਮ ਸੁਣਦਿਆਂ ਹੀ ਅੱਜ ਦੇ ਹਰ ਸਿੱਖ ਦਾ ਸਿਰ ਸਤਿਕਾਰ ਨਾਲ ਆਪਣੇ ਆਪ ਝੁੱਕ ਜਾਂਦਾ ਹੈ ਅਤੇ ਕਿਥੇ ਅੱਜ ਦੇ ਇਹ ਜੱਥੇਦਾਰ ਜਿਨਾਂ ਦੀ ਜਾਨ ਤੱਕ ਲੈਣ ਲਈ ਜਜ਼ਬਾਤੀ ਸਿੰਘ ਤਿਆਰ ਹੋ ਚੁੱਕੇ ਹਨ। ਕੌਮ ਦੇ ਜੱਥੇਦਾਰ ਦਾ ਸਤਿਕਾਰ ਅਤੇ ਭੈਅ ਦੋਵੇਂ ਬਣੇ ਰਹਿਣੇ ਚਾਹੀਦੇ ਹਨ।ਤਦ ਹੀ ਰਾਜਨੀਤੀ ਤੇ ਧਰਮ ਦਾ ਕੁੰਡਾ ਬਣਿਆ ਰਹਿ ਸਕਦਾ ਹੈ। ਨਹੀ ਤਾਂ ਅੱਜ ਵਾਂਗੂੰ ਰਾਜਨੀਤੀ, ਧਰਮ ਆਪਣਾ ਗੁਲਾਮ ਬਣਾ ਲਵੇਗੀ ਅਤੇ ਜੱਥੇਦਾਰ ਦੀ ਅੱਜ ਹੋ ਰਹੀ ਦੁਰਗਤ ਹੋਰ ਬੁਰੀ ਦੁਰਗਤ ’ਚ ਬਦਲ ਜਾਵੇਗੀ। ਅਸੀਂ ਸ੍ਰੀ ਅਕਾਲ ਤਖ਼ਤ ਦੀ ਅਜ਼ਾਦ ਪ੍ਰਭੂਸੱਤਾ ਹਰ ਹੀਲੇ ਬਹਾਲ ਕਰਵਾਉਣਾ ਚਾਹੁੰਦੇ ਹਾਂ। ਉਸ ਲਈ ਜਥੇਦਾਰ ਦਾ ਸਤਿਕਾਰ ਵੀ ਬਣਿਆ ਰਹਿਣਾ ਜ਼ਰੂਰੀ ਹੈ। ਅੱਜ ਹੁਣ ਜਦੋਂ ਇਹ ਸਾਫ਼ ਹੋ ਗਿਆ ਹੈ ਕਿ ਕੌਮ, ਸੌਦਾ ਸਾਧ ਨੂੰ ਦਿੱਤੀ ਮਾਫ਼ੀ ਦੇ ਢੰਗ ਤਰੀਕੇ ਤੋਂ ਪੂਰੀ ਤਰਾਂ ਰੋਹ ਤੇ ਰੋਸ ’ਚ ਹੈ। ਉਹ ਜਥੇਦਾਰਾਂ ਵਿਰੁੱਧ ਫੈਸਲਾ ਲੈ ਚੁੱਕੀ ਹੈ। ਤਾਂ ਹੁਣ ਜਥੇਦਾਰਾਂ ਨੂੰ ਆਪਣੇ ਇਸ ਅਹੁਦੇ ਦੇ ਪੁਰਾਤਨ ਸਤਿਕਾਰ ਤੇ ਭੈਅ ਦਾ ਮਾੜਾ ਮੋਟਾ ਧਿਆਨ ਕਰਦਿਆਂ, ਆਪਣੀ ਜ਼ਮੀਰ ਨੂੰ ਜਗਾ ਲੈਣਾ ਚਾਹੀਦਾ ਹੈ ਅਤੇ ਕੌਮ ਨੂੰ ਦਿੱਤੇ ਬੇਦਾਵੇ ਨੂੰ ਪੜਵਾਉਣ ਲਈ ਆਪਣੇ ਪਹਿਲੇ ਫੈਸਲੇ ਨੂੰ ਰੱਦ ਕਰਦਿਆਂ, ਆਪਣੀ ਗ਼ਲਤੀ ਨੂੰ ਪ੍ਰਵਾਨ ਕਰਦਿਆਂ, ਆਪਣੇ ਅਸਤੀਫ਼ੇ ਕੌਮ ਦੀ ਝੋਲੀ ਪਾ ਦੇਣੇ ਚਾਹੀਦੇ ਹਨ। ਕੌਮ, ਜਥੇਦਾਰ ਦੇ ਇਸ ਇਕ ਕਦਮ ਦੇ ਜਵਾਬ ’ਚ 100 ਕਦਮ ਅੱਗੇ ਚੱਲ ਕੇ ਆਵੇਗੀ ਅਤੇ ਉਹ ਸਤਿਕਾਰ, ਮਾਣ ਤੇ ਪਿਆਰ ਦੇਵੇਗੀ ਕਿ ਉਸ ਅੱਗੇ ਸਾਰੇ ਸੰਸਾਰਕ ਸੁੱਖ, ਅਹੁਦੇ ਤੇ ਜਾਇਦਾਦਾਂ ਨਿਗੂਣੀਆਂ ਰਹਿ ਜਾਣਗੀਆਂ। ਲੋੜ ਹੈ ਜਥੇਦਾਰ ਅੱਜ ਦੇ ਸਮੇਂ ਦੀ ਨਜ਼ਾਕਤ ਨੂੰ ਸਮਝਕੇ ਕੌਮ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ, ਸੁਆਰਥ, ਪਦਾਰਥ, ਲੋਭ-ਲਾਲਸਾ ਤੇ ਸੱਤਾ ਦੇ ਭੈਅ ਨੂੰ ਲੱਤ ਮਾਰ ਕੇ ਇਕ ਵਾਰ ਕੌਮ ਦ ਵਿਹੜੇ ’ਚ ਆ ਕੇ ਖੜੇ ਹੋ ਜਾਣ। ਬੱਸ! ਫ਼ਿਰ ਓਹ ਕੌਮ ਦੇ ਸਿੰਘ ਸਾਹਿਬਾਨ ਹੋਣਗੇ। ਇਹ ਸਾਡਾ ਦਾਅਵਾ ਹੈ।

International