ਨਸ਼ਾ ਮਾਫ਼ੀਏ ਦੀ ਖ਼ਾਕੀ ਨਾਲ ਗਲਵੱਕੜੀ...

ਜਸਪਾਲ ਸਿੰਘ ਹੇਰਾਂ
ਅਸੀਂ ਵਾਰ-ਵਾਰ ਹੋਕਾ ਦਿੰਦੇ ਆ ਰਹੇ ਹਾਂ ਕਿ ਪੰਜਾਬ ਦੀ ਅਫ਼ਸਰਸ਼ਾਹੀ, ਖ਼ਾਸ ਕਰਕੇ, ਖ਼ਾਕੀ ਅਫ਼ਸਰਸ਼ਾਹੀ ਪੂਰੀ ਤਰ੍ਹਾਂ ਬੇਲਗਾਮ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਪ੍ਰਸ਼ਾਸਨ ਦੀ ਵਾਗਡੋਰ ਅੱਖਾਂ ਮੀਚ ਕੇ ਸੁਰੇਸ਼ ਕੁਮਾਰ ਨੂੰ ਸੌਂਪੀ ਹੋਈ ਹੈ, ਜਿਸ ਕਾਰਨ ਅਫ਼ਸਰਸ਼ਾਹੀ ਸਿਆਸੀ ਦਬਾਅ ਤੋਂ ਮੁਕਤ ਹੋਕੇ ਸੁਰੇਸ਼ ਕੁਮਾਰ ਦੇ ਇਰਦ-ਗਿਰਦ ਹੀ ਗੇੜੇ ਕੱਢੀ ਜਾ ਰਹੀ ਹੈ।  ਉਹਨਾਂ ਲਈ ਜੋ ਕੁੱਝ ਹੈ ਸਿਰਫ਼ ਸੁਰੇਸ਼ ਕੁਮਾਰ ਹੈ ਸੱਤਾਧਾਰੀ ਧਿਰ ਕੋਈ ਅਰਥ ਨਹੀਂ ਰੱਖਦੀ, ਕਿਉਂਕਿ ਉਹ ਸਮਝ  ਚੁੱਕੇ ਹਨ ਕਿ ਜੇ ਕੁੱਝ ਕਰਨਾ ਕਰਾਉਣਾ ਹੈ ਉਹ ਇਸ ਤਾਨਾਸ਼ਾਹ ਨੌਕਰਸ਼ਾਹ ਨੇ ਕਰਨ ਹੈ, ਫ਼ਿਰ ਸਿਆਸੀ ਲੀਡਰਾਂ ਦੇ ਤਲਵੇ ਕਿਉਂ ਚੱਟਦੇ ਫ਼ਿਰੀਏ? ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਤਾਂ ਬਾਦਲਕਿਆਂ ਸਮੇਂ ਦੇ ਪੁਲਿਸ ਅਫ਼ਸਰਾਂ ਅਧੀਨ ਹੀ ਚੱਲ ਰਿਹਾ ਹੈ। ਇਸ ਲਈ ਉੱਥੇ ਕਾਂਗਰਸੀਆਂ ਦੀ ਭਲਾ ਕੀ ਚੱਲਣੀ ਹੈ? ਕੈਪਟਨ ਅਮਰਿੰਦਰ ਸਿੰਘ ਦੇ ਖਾਸੋ-ਖਾਸ ਅਤੇ ਕਦੇ ਉਸਦੀ ਵਿੱਤੀ ਗੱਡੀ ਰੇਹੜਨ ਵਾਲੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਦਿਲ ਦਾ ਦਰਦ ਬਿਆਨ ਕਰਕੇ ਸਾਡੇ ਹੋਕੇ 'ਤੇ ਮੋਹਰ ਲਾਈ ਹੈ ਕਿ ਕੈਪਟਨ ਰਾਜ 'ਚ ਅਫ਼ਸਰਸ਼ਾਹੀ ਦੀ ਤੂਤੀ ਬੋਲਦੀ ਹੈ।

ਉਹ ਕਿਸੇ ਲੜੇ-ਲੀਡਰ ਦੀ ਪ੍ਰਵਾਹ ਨਹੀਂ ਕਰਦੀ। ਅੱਜ ਤਾਂ ਭਾਵੇਂ ਰਾਣਾ ਗੁਰਜੀਤ, ਕੈਬਨਿਟ ਮੰਤਰੀ ਤੋਂ ਸਾਬਕਾ ਕੈਬਨਿਟ ਮੰਤਰੀ ਬੁੱਣ ਚੁੱਕਾ ਹੈ। ਉਸਦਾ ਸੱਤਾ ਜਲਾਲ ਮੱਧਮ ਪੈ ਚੁੱਕਾ ਹੈ। ਪੰ੍ਰਤੂ ਜਿਸ ਦਰਦ ਦਾ ਅੱਜ ਰਾਣਾ ਗੁਰਜੀਤ ਬਿਆਨ ਕਰ ਰਿਹਾ ਹੈ, ਉਹ ਉਸ ਸਮੇਂ ਦਾ ਹੈ ਜਦੋਂ ਉਹ ਮੰਤਰੀ ਸੀ ਅਤੇ ਉਸਦੀ ਪੂਰੀ ਤੂਤੀ ਬੋਲਦੀ ਸੀ। ਉਸ ਸਮੇਂ ਇਸ ਮੰਤਰੀ ਨੇ ਇੱਕ ਛੋਟੇ ਥਾਣੇਦਾਰ ਦੀ ਖ਼ੁਦ ਸ਼ਿਕਾਇਤ ਕੀਤੀ ਸੀ ਕਿ ਇਹ ਨੌਜਵਾਨ ਮੁੰਡਿਆਂ ਨੂੰ ਨਸ਼ੇ ਕਰਨ ਲਾਉਂਦਾ ਹੈ। ਇੱਕ ਛੋਟੇ ਥਾਣੇਦਾਰ ਵਿਰੁੱਧ, ਇੱਕ ਵੱਡੇ ਮੰਤਰੀ ਦੀ ਜਿਹੜਾ ਵੱਡੇ ਘਰ ਦਾ ਖਾਸੋ-ਖਾਸ ਵੀ ਹੋਵੇ ਸ਼ਿਕਾਇਤ ਆਵੇ ਤੇ ਕਾਰਵਾਈ ਕੋਈ ਨਾ ਹੋਵੇ। ਮੰਨਣ ਵਾਲੀ ਗੱਲ ਨਹੀਂ ਜਾਪਦੀ। ਪ੍ਰੰਤੂ ਖ਼ੁਦ ਰਾਣਾ ਗੁਰਜੀਤ ਆਪਣੀ ਹਾਰ ਨੂੰ ਸਵੀਕਾਰ ਕਰ ਰਹੇ ਹਨ। ਫ਼ਿਰ ਮੰਨਣ ਤੋਂ ਬਿਨ੍ਹਾਂ ਕੋਈ ਚਾਰਾ ਵੀ ਨਹੀਂ। ਰਾਣਾ ਗੁਰਜੀਤ ਦੀ ਇਸ ਦਰਦ ਬਿਆਨੀ ਨੇ ਘੱਟੋ-ਘੱਟ ਇਹ ਤਾਂ ਸਾਫ਼ ਕਰ ਦਿੱਤਾ ਹੈ ਕਿ ਪੰਜਾਬ 'ਚ ਨਸ਼ਾ ਮਾਫ਼ੀਆ, ਕਿੰਨਾ ਸ਼ਕਤੀਸ਼ਾਲੀ ਹੈ? ਇੱਕ ਸ਼ਕਤੀਸ਼ਾਲੀ ਮੰਤਰੀ ਵੀ ਉਸਦਾ ਕੁੱਝ ਨਹੀਂ ਵਿਗਾੜ ਸਕਿਆ। ਛੋਟਾ ਥਾਣੇਦਾਰ ਜਿਹੜਾ ਰਾਣਾ ਗੁਰਜੀਤ ਅਨੁਸਾਰ ਨੌਜਵਾਨ ਮੁੰਡਿਆਂ ਨੂੰ ਨਸ਼ੇ ਦੀ ਲੱਤ ਲਾਉਂਦਾ ਸੀ, ਉਹ ਨਸ਼ਾ ਮਾਫ਼ੀਆ ਦਾ ਇੱਕ ਹੱਥਿਆਰ ਹੈ ਅਤੇ ਨਸ਼ਾ ਮਾਫ਼ੀਆ ਆਪਣੇ ਹਰ ਹੱਥਿਆਰ ਦੀ ਖ਼ਾਸ ਹਫ਼ਾਜ਼ਤ ਕਰਦਾ ਹੈ, ਜਿਹੜੀ ਉਸਨੇ ਕਰਕੇ ਵਿਖਾਈ।

ਦੂਜੇ ਪਾਸੇ ਰਾਣਾ ਗੁਰਜੀਤ ਦੀ ਸ਼ਿਕਾਇਤ ਨੂੰ ਕੂੜੇਦਾਨ 'ਚ ਸੁੱਟ ਕੇ ਉਥੇ ਦੇ ਵੱਡੇ ਪੁਲਿਸ ਅਫ਼ਸਰ ਨੇ ਵੀ ਇਹ ਸਾਫ਼ ਕਰ ਦਿੱਤਾ ਕਿ ਸਾਡੇ ਹੁੰਦਿਆਂ, ਰਾਣਾ ਗੁਰਜੀਤ ਕੌਣ ਹੁੰਦਾ? ਕਿਸੇ ਪੁਲਿਸ ਅਫ਼ਸਰ ਦਾ ਵਾਲ ਵਿੰਗਾ ਕਰਨ ਵਾਲਾ? ਹੁਣ ਜਦੋਂ ਇਹ ਸਾਫ਼ ਤੇ ਸਪੱਸ਼ਟ ਹੋ ਚੁੱਕਾ ਹੈ ਕਿ ਪੰਜਾਬ 'ਚ ਨਸ਼ਾ ਮਾਫ਼ੀਏ ਦਾ ਰਾਜ ਹੈ, ਪੁਲਿਸ ਉਸਦੇ ਨਾਲ ਹੈ। ਉਸ ਵਿਰੁੱਧ ਵੱਡੇ ਤੋਂ ਵੱਡਾ ਵਜ਼ੀਰ ਕੁੱਝ ਨਹੀਂ ਕਰ ਸਕਦਾ ਫ਼ਿਰ ਪੰਜਾਬ 'ਚੋਂ ਇਸ ਨਸ਼ੇ ਮਾਫ਼ੀਏ ਦਾ ਖ਼ਾਤਮਾ ਕਿਵੇਂ ਹੋ ਜਾਵੇਗਾ? ਪੰਜਾਬ 'ਚ ਇਸ ਸਮੇਂ  ਭ੍ਰਿਸ਼ਟ ਅਫ਼ਸਰਸ਼ਾਹੀ ਦਾ ਰਾਜ ਹੈ। ਉਸਦਾ ਇੱਕੋ-ਇੱਕ ਮਨੋਰਥ ਆਪਣੀਆਂ ਤਿਜੌਰੀਆਂ ਭਰਨੀਆਂ ਹੈ। ਥੋੜਾ ਬਹੁਤ ਹਿੱਸਾ ਉੱਪਰ ਤੱਕ ਪਹੁੰਚਾਉਣਾ। ਫ਼ਿਰ ਇਸ ਭ੍ਰਿਸ਼ਟ ਅਫ਼ਸਰਸ਼ਾਹੀ ਨੂੰ ਚੰਮ ਦੀਆਂ ਚਲਾਉਣ ਤੋਂ ਕੌਣ ਰੋਕੇਗਾ? ਅਸੀਂ ਵਾਰ ਵਾਰ ਇਹ ਕਿਹਾ ਹੈ ਕਿ ਜਦੋਂ ਤੱਕ ਭ੍ਰਿਸ਼ਟ ਸਿਆਸੀ ਧਿਰਾਂ, ਭ੍ਰਿਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਏ ਦੀ ਤਿਕੜੀ ਦਾ ਲੋਕ ਲਹਿਰ ਖੜੀ ਕਰਕੇ, ਭੋਗ ਨਹੀਂ ਪਾਇਆ ਜਾਂਦਾ, ਉਦੋਂ ਤੱਕ ਪੰਜਾਬ 'ਚ ਕਿਸੇ ਠੰਡੀ ਹਵਾ ਦਾ ਵੱਗਣਾ ਅਸੰਭਵ ਹੈ। ਅਸੀਂ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ, ਸਮੇਤ ਜਿਊਂਦੀ ਜ਼ਮੀਰ ਵਾਲੇ ਕਾਂਗਰਸੀਆਂ ਨੂੰ ਇਹ ਹੋਕਾ ਜ਼ਰੂਰ ਦਿਆਂਗੇ ਕਿ ਉਹ ਰਾਣਾ ਗੁਰਜੀਤ ਦੇ ਦਰਦ ਦਾ ਸਿਆਸੀ ਲਾਹਾ ਲੈਣ ਦੇ ਰਾਹ ਤੁਰਨ ਦੀ ਥਾਂ, ਜਿਹੜਾ ਕੌੜਾ ਤੇ ਕਾਲਾ ਸੱਚ ਸਾਹਮਣੇ ਆਇਆ ਹੈ, ਉਸ ਦੀ ਰੌਸ਼ਨੀ 'ਚ ਇਸਦਾ ਠੋਸ ਹੱਲ ਲੱਭਣ ਵੱਲ ਤੁਰਨ। ਪੰਜਾਬ ਨੂੰ ਭ੍ਰਿਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਏ ਦੀ ਅਜਗਰੀ ਜ਼ਕੜ 'ਚੋਂ ਜੇ ਜਲਦੀ ਆਜ਼ਾਦ ਨਾਂਹ ਕਰਵਾਇਆ ਗਿਆ ਤਾਂ ਪੰਜਾਬ ਦੀ ਮੌਤ ਯਕੀਨੀ ਹੈ, ਸਮੇਂ ਦਾ ਸੱਚ ਇਹ ਹੈ।

Editorial
Jaspal Singh Heran

Click to read E-Paper

Advertisement

International