ਬਠਿੰਡਾ 7 ਜੁਲਾਈ (ਅਨਿਲ ਵਰਮਾ) : ਚਿੱਟੇ ਦੇ ਕਹਿਰ ਨੇ ਪੰਜਾਬ ਦੀ ਜਵਾਨੀ ਬਰਬਾਦ ਕਰਕੇ ਰੱਖ ਦਿੱਤੀ, ਦੂਜੇ ਪਾਸੇ ਨਸ਼ਾ ਸਮੱਗਲਰਾਂ ਵੱਲੋਂ ਪਵਿੱਤਰ ਸ਼ਹਿਰਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ? ਨਸ਼ਿਆਂ ਖਿਲਾਫ ਪਹਿਰੇਦਾਰ ਵੱਲੋਂ ਕੀਤੀ ਜਾ ਰਹੀ ਪਹਿਰੇਦਾਰੀ ਹੁਣ ਲਹਿਰ ਬਣਦੀ ਹੋਈ ਨਜ਼ਰ ਆ ਰਹੀ ਹੈ, ਜਿੱਥੇ ਸ਼ਰਾਬ ਠੇਕੇਦਾਰਾਂ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿੱਚ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਨੂੰ ਪਹਿਰੇਦਾਰ ਦੀ ਪਹਿਰੇਦਾਰੀ ਨੇ ਸੰਗਤਾਂ ਦੇ ਸਹਿਯੋਗ ਨਾਲ ਬੰਦ ਕਰਵਾਇਆ ਉਥੇ ਹੀ ਨਸ਼ੇ ਦੇ ਮਾਰੂ ਪ੍ਰਭਾਵ ਤੋਂ ਦੁਖੀ ਪੀੜ੍ਹਤ ਪਰਿਵਾਰਾਂ ਵੱਲੋਂ ਇਸ ਸ਼ਹਿਰ ਵਿੱਚ ਨਸ਼ਾ ਸਮੱਗਲਿੰਗ ਕਰਨ ਵਾਲੇ ਸਮੱਗਲਰਾਂ ਦੀ ਹੁਣ ਪਹਿਰੇਦਾਰ ਨੂੰ ਲਿਸਟ ਵੀ ਭੇਜ ਦਿੱਤੀ ਹੈ ਜਿਸ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਗੁਰੂਆਂ ਦੇ ਨਾਂ ਤੇ ਲੈਬੋਰਟਰੀਆਂ ਵੀ ਨਸ਼ਾ ਸਮੱਗਲਰਾਂ ਦਾ ਅੱਡਾ ਬਣੀਆਂ ਹੋਈਆਂ ਹਨ ਉਥੇ ਹੀ ਮੈਡੀਕਲ ਸਟੋਰਾਂ ਤੇ ਵੀ ਮਾਰੂ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ? ਪਰ ਦੁੱਖ ਦੀ ਗੱਲ ਹੈ ਕਿ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ? ਜਾਰੀ ਲਿਸਟ ਵਿੱਚ ਕ੍ਰਿਸ਼ਨ ਹਲਵਾਈ ਯੂਨੀਵਰਸਿਟੀ ਰੋਡ ਸ਼ਰੇਆਮ ਸ਼ਰਾਬ ਵੇਚ ਰਿਹਾ ਹੈ, ਗੁਰੂ ਨਾਨਕ ਲੈਬੋਰਟਰੀ ਸਰਕਾਰੀ ਹਸਪਤਾਲ ਰੋਡ ਤੇ ਪੱਪੀ ਸੁਨਿਆਰ ਹਰ ਤਰ੍ਹਾਂ ਦਾ ਨਸ਼ਾ, ਬਰਾੜ ਮਜਬ੍ਹੀ ਨੇੜੇ ਰੱਖੇ ਦੀ ਕੋਠੀ ਸਮੈਕ ਅਤੇ ਚਿੱਟਾ, ਭੂਸ਼ਣ ਰੋੜੀ ਰੋਡ ਗਲੀਆਂ ਅਤੇ ਚਿੱਟਾ, ਸ਼ਰਮਾ ਮੈਡੀਕਲ ਰਾਮੇ ਵਾਲਾ ਅੱਡਾ ਨਸ਼ੇ ਵਾਲੀਆਂ ਗੋਲੀਆਂ, ਬੰਟਾ ਵਿਜੇ ਮੈਡੀਕਲ ਵਾਲਾ ਸੰਗਤ ਰੋਡ ਮਲਕਾਣਾ ਟੈਂਟ ਹਾਊਸ ਨੇੜੇ ਸਾਰੇ ਨਸ਼ੇ, ਰਾਜੂ ਮਜਬ੍ਹੀ ਚੱਠਾ ਮੁਹੱਲਾ ਚਿੱਟਾ, ਕਾਲਾ ਮੈਡੀਕਲ ਵਾਲਾ ਸਰਕਾਰੀ ਹਸਪਤਾਲ ਰੋਡ ਗੋਲੀਆਂ ਅਤੇ ਚਿੱਟਾ, ਨੰਬਰਦਾਰ ਮੈਡੀਕਲ ਵਾਲਾ ਸਰਕਾਰੀ ਹਸਪਤਾਲ ਰੋਡ ਗੋਲੀਆਂ ਅਤੇ ਚਿੱਟਾ, ਜੱਗੀ ਦੇਵਾ ਸਰਕਾਰੀ ਹਸਪਤਾਲ ਰੋਡ ਚਿੱਟਾ, ਜੋਤ ਦਖਾਣ ਨੱਤ ਰੋਡ ਚਿੱਟਾ ਅਤੇ ਸਮੈਕ, ਸੇਬੀ ਨੇੜੇ ਡਾਕਖਾਨਾ ਹਰ ਤਰ੍ਹਾਂ ਦੇ ਨਸ਼ੇ ਦੀ ਸਮੱਗਲਿੰਗ ਕਰਦਾ ਹੈ।
ਲਿਸਟ ਜਾਰੀ ਕਰਨ ਵਾਲੇ ਸੂਤਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਨੰਬਰਦਾਰ ਮੈਡੀਕਲ ਵਾਲਾ ਬਠਿੰਡਾ ਦੇ ਸੀਨੀਅਰ ਕਾਂਗਰਸੀ ਆਗੂ ਦਾ ਰਿਸ਼ਤੇਦਾਰ ਹੈ ਜਿਸ ਪਾਸੇ ਪੁਲਿਸ ਝਾਕਦੀ ਵੀ ਨਹੀਂ। ਇੱਥੇ ਹੀ ਬਸ ਨਹੀਂ ਤਲਵੰਡੀ ਸਾਬੋ ਦੇ ਨਾਲ ਲਗਦੇ ਪਿੰਡ ਜਗਾ ਰਾਮ ਤੀਰਥ, ਸ਼ੇਖਪੁਰਾ, ਲੇਲੇਵਾਲਾ, ਫੁੱਲੋ ਖਾਰੀ ਅਤੇ ਰਾਮਾਂ ਮੰਡੀ ਵਿੱਚ ਵੀ ਸ਼ਰੇਆਮ ਚਿੱਟੇ ਦੀ ਸਮੱਗਲਿੰਗ ਹੋ ਰਹੀ ਹੈ ਜਿਸ ਕਰਕੇ ਤਿੰਨ ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ। ਇਹ ਲਿਸਟ ਪੀੜ੍ਹਤ ਪਰਿਵਾਰਾਂ ਵੱਲੋਂ ਵੱਖ ਵੱਖ ਸ਼ੋਸ਼ਲ ਮੀਡੀਆ ਤੇ ਵੀ ਵਾਇਰਲ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਅਵਤਾਰ ਸਿੰਘ ਚੋਪੜਾ ਨੇ ਕਿਹਾ ਕਿ ਤਲਵੰਡੀ ਸਾਬੋ ਦੇ ਡੀਐਸਪੀ ਬਰਿੰਦਰ ਸਿੰਘ ਗਿੱਲ, ਥਾਣੇਦਾਰ ਜਗਦੀਸ਼ ਕੁਮਾਰ ਨੂੰ ਸ਼ਹਿਰ ਵਿੱਚ ਨਸ਼ੇ ਦੀ ਸਮੱਗਲਿੰਗ ਬਾਰੇ ਸਾਰੀ ਜਾਣਕਾਰੀ ਹੈ ਪਰ ਪੁਲਿਸ ਬਣਦੀ ਜਿੰਮੇਵਾਰੀ ਨਹੀਂ ਨਿਭਾਊਂਦੀ ਬਲਕਿ ਹਿੱਸਾ ਲੈਣ ਨੂੰ ਪਹਿਲ ਦਿੰਦੀ ਹੈ। ਉਹਨਾਂ ਮੰਗ ਕੀਤੀ ਕਿ ਤਲਵੰਡੀ ਸਾਬੋ ਦੇ ਡੀਐਸਪੀ ਅਤੇ ਥਾਣੇਦਾਰ ਨੂੰ ਮੁਅੱਤਲ ਕਰਕੇ ਇਹਨਾ ਦੀ ਕਮਾਈ ਦੀ ਵਿਜ਼ੀਲੈਂਸ ਜਾਂਚ ਹੋਣੀ ਚਾਹੀਦੀ ਹੈ ਜਿਸ ਵਿੱਚ ਨਸ਼ਿਆਂ ਦੇ ਨਾਂ ਤੇ ਬਣਾਈ ਕਰੋੜਾਂ ਰੁਪਏ ਦੀ ਜਾਇਦਾਦ ਦਾ ਖੁਲਾਸਾ ਹੋਵੇਗਾ। ਨਸ਼ਾ ਸਮੱਗਲਿੰਗ ਕਰਨ ਵਾਲਿਆਂ ਦੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਲਿਸਟ ਸਬੰਧੀ ਜਦੋਂ ਤਲਵੰਡੀ ਸਾਬੋ ਦੇ ਡੀਐਸਪੀ ਬਰਿੰਦਰ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਾਰੀ ਲਿਸਟ ਉਹਨਾਂ ਕੋਲ ਵੀ ਪਹੁੰਚੀ ਹੈ ਜਿਸ ਵਿੱਚੋਂ ਅੱਧੇ ਨਸ਼ਾ ਸਮੱਗਲਰ ਤਾਂ ਪਹਿਲਾਂ ਹੀ ਜੇਲ੍ਹ ਵਿੱਚ ਹਨ ਅਤੇ ਮੈਡੀਕਲ ਸਟੋਰਾਂ ਤੇ ਪੁਲਿਸ ਵੱਲੋਂ ਜਲਦੀ ਹੀ ਛਾਪਾਮਾਰੀ ਕੀਤੀ ਜਾ ਰਹੀ ਹੈ।