ਐੱਸ.ਵਾਈ.ਐੱਲ. ‘ਤੇ ਕੈਪਟਨ ਦੇ ਦਿੱਲੀ ‘ਚ ਡੇਰੇ, ਸਲਾਹਾਂ ਦਾ ਦੌਰ ਜਾਰੀ

ਚੰਡੀਗੜ  3 ਸਤੰਬਰ (ਪ.ਪ.) ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ‘ਤੇ 5 ਸਤੰਬਰ ਨੂੰ ਆਉਣ ਵਾਲੇ ਫੈਸਲੇ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਦਿਨਾਂ ਤੋਂ ਦਿੱਲੀ ‘ਚ ਡੇਰੇ ਲਾਈ ਬੈਠੇ ਹਨ। ਐੱਸ. ਵਾਈ. ਐੱਲ. ‘ਤੇ ਸੁਪਰੀਮ ਕੋਰਟ ‘ਚ ਹੋਣ ਵਾਲੀ ਸੁਣਵਾਈ ਨੂੰ ਲੈ ਕੇ ਕਈ ਕੇਂਦਰੀ ਮੰਤਰੀਆਂ ਤੇ ਸੂਬਾ ਸਰਕਾਰ ਵਲੋਂ ਇਸ ਕੇਸ ਲਈ ਕੰਮ ਕਰਨ ਵਾਲੇ ਸੀਨੀਅਰ ਵਕੀਲਾਂ ਨਾਲ ਮਸ਼ਵਰੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਚਨਾ ਮੁਤਾਬਕ ਕੇਂਦਰੀ ਮੰਤਰੀਆਂ ਕੋਲ ਪੰਜਾਬ ਦਾ ਪੱਖ ਰੱਖਦਿਆਂ ਕਿਹਾ ਗਿਆ ਹੈ ਕਿ ਸੂਬੇ ਕੋਲ ਇਸ ਵੇਲੇ ਹੋਰ ਵਾਧੂ ਪਾਣੀ ਨਹੀਂ ਹੈ, ਕਿਉਂਕਿ ਪੰਜਾਬ ਦੇ ਕਿਸਾਨਾਂ ਵਲੋਂ ਦਰਿਆਈ ਪਾਣੀ ਦੀ ਕਮੀ ਕਾਰਨ ਵੱਡੇ ਪੱਧਰ ‘ਤੇ ਪਾਣੀ ਟਿਊਬਵੈੱਲਾਂ ਰਾਹੀਂ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਸੂਬਾ ਇਕ ਵੱਡੇ ਸੰਕਟ ਵੱਲ ਵੱਧ ਰਿਹਾ ਹੈ।

ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਐੱਸ. ਵਾਈ. ਐੱਲ. ਬਣਾਉਣ ਸਬੰਧੀ ਕੋਈ ਵੀ ਫੈਸਲਾ ਇਸ ਸਰਹੱਦੀ ਖਿੱਤੇ ਦੇ ਅਮਨ-ਕਾਨੂੰਨ ਲਈ ਮਾਰੂ ਸਾਬਤ ਹੋਵੇਗਾ। ਸੂਤਰਾਂ ਮੁਤਾਬਕ ਕੇਂਦਰ ਵੀ ਇਸ ਸਬੰਧੀ ਸੁਪਰੀਮ ਕੋਰਟ ਤੋਂ ਵਿਚੋਲਗੀ ਲਈ ਹੋਰ ਸਮੇਂ ਦੀ ਮੰਗ ਕਰ ਸਕਦਾ ਹੈ ਤਾਂ ਜੋ ਇਸ ਵਿਸਫੋਟਕ ਸਥਿਤੀ ਨੂੰ ਹੋਰ ਸਮੇਂ ਲਈ ਟਾਲਿਆ ਜਾ ਸਕੇ ਪਰ ਦਿਲਚਸਪ ਗੱਲ ਇਹ ਹੈ ਕਿ ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਆਦਿ ਨਾਲ ਕੀਤੀਆਂ ਮੀਟਿੰਗਾਂ ਨੂੰ ਵਨ-ਟੂ-ਵਨ ਰੱਖਿਆ ਗਿਆ ਤੇ ਇੱਥੋਂ ਤੱਕ ਕਿ ਉਨਾਂ ਦੇ ਮੁੱਖ/ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਵੀ ਇਸ ਫੇਰੀ ਲਈ ਉਨਾਂ ਨਾਲ ਦਿੱਲੀ ਨਹੀਂ ਗਏ।

Unusual
SYL
Satluj
Capt Amarinder Singh
Center Government