ਮਾਮਲਾ ਬਾਬਾ ਘਾਲਾ ਸਿੰਘ ਵਲੋਂ ਬੇਅੰਤ ਸਿਹੁੰ ਨੂੰ ਸ਼ਹੀਦ ਕਹਿਣ ਦਾ

ਨਾਨਕਸਰ ਸੰਪ੍ਰਦਾਇ ਸਾਫ਼ ਕਰੇ ਕੇ ਕੀ ਉਹ ਬੇਅੰਤ ਸਿਹੁੰ ਨੂੰ ਸ਼ਹੀਦ ਮੰਨਦੀ ਹੈ? : ਪੰਥਕ ਆਗੂ

ਸ੍ਰੀ ਅੰਮ੍ਰਿਤਸਰ, 13 ਸਤੰਬਰ (ਬੇਦੀ) : ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿਹੁੰ ਨੂੰ ਸਿੱਖ ਕੌਮ ਦੀ ਨਾਮਵਰ ਸੰਪ੍ਰਦਾਇ ਨਾਨਕਸਰ ਕਲੇਰਾਂ ਦੀ ਸੰਪ੍ਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮ ਦੀ ਭਰਵੀਂ ਸਟੇਜ ਤੋਂ ਬੇਅੰਤ ਸਿਹੁੰ ਦੇ ਪੋਤਰੇ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਤੇ ਹੋਰ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿਚ ਬੇਅੰਤ ਸਿਹੁੰ ਨੂੰ ਬਾਬਾ ਘਾਲਾ ਸਿੰਘ ਵਲੋਂ ਸ਼ਹੀਦ ਆਖਣ ਦਾ ਮਾਮਲਾ ਗਰਮਾ ਗਿਆ ਹੈ। ਭਾਵੇਂ ਕਿ ਬਾਬਾ ਘਾਲਾ ਸਿੰਘ ਦੇ ਬਰਸੀ ਸਮਾਗਮ ਤੋਂ ਤੁਰੰਤ ਬਾਅਦ ਇੰਗਲੈਂਡ ਆਦਿ ਦੇਸ਼ਾਂ ਦੇ ਦੌਰੇ 'ਤੇ ਚਲੇ ਜਾਣ ਕਾਰਨ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਰੂਪੋਸ਼ ਹੋ ਜਾਣ ਕਾਰਨ, ਇਹ ਮਾਮਲਾ ਤੁਰੰਤ ਨਹੀਂ ਗਰਮਾਇਆ, ਪ੍ਰੰਤੂ ਵੀਡਿਓ ਵਾਇਰਲ ਹੋ ਜਾਣ ਤੋਂ ਬਾਅਦ ਮੂੰਹੋ-ਮੂੰਹ ਗੱਲਾਂ ਹੋਣੀਆ ਸ਼ੁਰੂ ਹੋ ਗਈਆਂ ਸਨ।

ਪ੍ਰੰਤੂ ਸਿੱਧਾ ਵਿਰੋਧ ਕਿਸੇ ਧਿਰ ਵਲੋਂ ਦਰਜ ਨਹੀਂ ਕਰਾਇਆ ਗਿਆ। ਹੁਣ ਜਦੋਂ ਬਾਬਾ ਘਾਲਾ ਸਿੰਘ ਦੇਸ਼ ਪਰਤ ਰਹੇ ਹਨ ਤੇ ਗਿਆਨੀ ਗੁਰਬਚਨ ਸਿੰਘ ਵੀ ਸੰਗਤਾਂ 'ਚ ਵਿਚਰਨ ਲੱਗ ਪਏ ਹਨ ਅਤੇ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ 'ਅਕਾਲ ਪੁਰਖ ਕੀ ਮੌਜ' ਖਾਲਸਾ ਜਥੇਬੰਦੀ ਵਲੋਂ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਗਈ ਹੈ ਕਿ ਬਾਬਾ ਘਾਲ ਸਿੰਘ ਨੂੰ ਤਲਬ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਲਾਈ ਜਾਵੇ। ਬੇਅੰਤ ਸਿਹੁੰ ਸਿੱਖ ਨੌਜਵਾਨਾਂ ਦਾ ਕਾਤਲ ਹੈ। ਇਸ ਲਈ ਉਸ ਨੂੰ ਸ਼ਹੀਦ ਦਾ ਦਰਜਾ ਦੇਣਾ ਬਜਰ ਕੁਰਹਿਤ ਤੇ ਗੁਨਾਹ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਭਾਈ ਪਰਮਜੀਤ ਸਿੰਘ ਨੇ ਦਸਿਆ ਕਿ ਉਹ ਇਕ ਵਫ਼ਦ ਨੂੰ ਲੈ ਕੇ ਨਾਨਕਸਰ ਸੰਪ੍ਰਦਾਇ ਦੇ ਸਾਰੇ ਸੰਤਾਂ ਨੂੰ ਮਿਲਣਗੇ ਅਤੇ ਉਨ੍ਹਾਂ ਤੋਂ ਮੰਗ ਕੀਤੀ ਜਾਵੇਗੀ ਕਿ ਬਾਬਾ ਘਾਲਾ ਸਿੰਘ ਨੂੰ ਨਾਨਕਸਰ ਸੰਪ੍ਰਦਾਇ ਤੋਂ ਵੀ ਖਾਰਜ ਕੀਤਾ ਜਾਵੇ ਤਾਂ ਕਿ ਭਵਿੱਖ 'ਚ ਕੋਈ ਅਜਿਹੀ ਬਜਰ ਗ਼ਲਤੀ ਨਾ ਕਰ ਸਕੇ। ਉਧਰ ਇਸ ਸਬੰਧੀ ਸਤਿਕਾਰ ਕਮੇਟੀ ਦੇ ਮੁੱਖੀ ਭਾਈ ਸੁਖਜੀਤ ਸਿੰਘ ਖੋਸੇ, ਭਾਈ ਹਰਜਿੰਦਰ ਸਿੰਘ ਬਾਜੇਕੇ ਨੇ ਆਖਿਆ ਕਿ ਜਿਹੜੇ ਲੋਕ ਬੇਅੰਤ ਸਿਹੁੰ ਵਰਗੇ ਸਿੱਖਾਂ ਦੇ ਕਾਤਲ ਨੂੰ ਸ਼ਹੀਦ ਮੰਨਦੇ ਹਨ, ਉਨ੍ਹਾਂ ਲਈ ਸਿੱਖੀ 'ਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਕਤ ਆਗੂਆਂ ਨੇ ਬਾਬਾ ਘਾਲ ਸਿੰਘ ਨੂੰ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ 10 ਦਿਨਾਂ ਦੇ ਅੰਦਰ ਖ਼ੁਦ ਹੀ ਮਾਫ਼ੀ ਨਾ ਮੰਗੀ ਤਾਂ ਭਵਿੱਖ ਦੇ ਨਤੀਜਿਆਂ ਦੇ ਉਹ ਖੁਦ ਹੀ ਜੁੰਮੇਵਾਰ ਹੋਣਗੇ। ਭਾਈ ਸੁਖਵਿੰਦਰ ਸਿੰਘ ਨੇ ਆਖਿਆ ਕਿ ਨਾਨਕਸਰ ਸੰਪ੍ਰਦਾਇ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਉਹ ਬੇਅੰਤ ਸਿਹੁੰ ਨੂੰ ਸ਼ਹੀਦ ਮੰਨਦੀ ਹੈ?

Unusual
Nanaksar
congress

International