ਪੰਜਾਬ 'ਚ ਦਿਸਿਆ ਬਿਹਾਰ...?

ਆਪਣੀ ਵਾਰੀ ਆਉਣ ਤੇ ਗੁੰਡਾਗਰਦੀ ਕਰਨ 'ਚ ਕਾਂਗਰਸ ਬਾਦਲਕਿਆਂ ਤੋਂ ਨਹੀਂ ਰਹੀ ਪਿੱਛੇ, ਬੂਥਾਂ ਤੇ ਕਬਜ਼ਿਆਂ ਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਤੇ ਸਮਰੱਥਕਾਂ ਦੀ ਕੁੱਟਮਾਰ
| ਕਾਂਗਰਸ ਨੇ ਲੁੱਟੀਆਂ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ''ਘੱਟ ਹੋਈ ਪੋਲਿੰਗ ਨੇ ਨਕਾਰਿਆ ਸਿਆਸੀ ਸਿਸਟਮ'' | ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ 'ਚ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ ਹੋਈਆਂ ਹਿੰਸਕ ਘਟਨਾਵਾਂ, ਕਈ ਜਖਮੀ, ਗੱਡੀਆਂ ਦੀ ਭੰਨਤੋੜ | ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ 'ਚ ਹੋਇਆ ਟਕਰਾਅ ''ਆਪ'' ਨਾ ਆਈ ਨਜ਼ਰ | ਸੁਖਬੀਰ ਬਾਦਲ ਦੀ ਹਾਜਰੀ 'ਚ ਕਾਂਗਰਸੀ ਆਗੂ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ | ਸਾਬਕਾ ਮੰਤਰੀ ਮਲੂਕਾ ਦੇ ਹਲਕੇ 'ਚ ਚੱਲੀਆਂ ਗੋਲੀਆਂ, ਕਾਂਗੜ 'ਤੇ ਲੱਗੇ ਬੂਥਾਂ 'ਤੇ ਕਬਜੇ ਕਰਾਉਣ ਦੇ ਦੋਸ਼

ਲੰਬੀ/ਰਾਮਪੁਰਾ ਫੂਲ 19 ਸਤੰਬਰ (ਅਨਿਲ ਵਰਮਾ) : ਅੱਜ ਦੇ ਦਿਨ ਪੰਜਾਬ ਵਿੱਚ ਬਿਹਾਰ ਨਜ਼ਰ ਆਇਆ ਕਿਉਂਕਿ ਸਿਆਸੀ ਰਿਵਾਇਤ ਅਨੁਸਾਰ ਇਸ ਵਾਰ ਸਤਾਧਿਰ ਕਾਂਗਰਸ ਨੇ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲੁੱਟੀਆਂ? ਕਿਉਂਕਿ ਇਹ ਸਿਆਸੀ ਰਿਵਾਇਤ ਹੈ ਕਿ ਜਿਸ ਦੀ ਸਰਕਾਰ ਹੁੰਦੀ ਹੈ ਉਹੀ ਡੰਡੇ ਦੇ ਦਮ ਤੇ ਪੰਚਾਇਤੀ ਅਤੇ ਨਗਰ ਕੌਂਸਲ ਤੇ ਨਿਗਮ ਚੋਣਾਂ ਲੁੱਟਦੀ ਆਈ ਹੈ? ਇਹਨਾਂ ਚੋਣਾਂ ਵਿੱਚ ਪੰਜਾਬ ਦੇ ਵੱਖ ਵੱਖ ਥਾਈਂ ਹੋਈਆਂ ਹਿੰਸਕ ਘਟਨਾਵਾਂ ਵਿੱਚ ਕਈ ਵਿਅਕਤੀ ਜਖਮੀ ਹੋ ਗਏ, ਗੱਡੀਆਂ ਦੀ ਭੰਨਤੋੜ ਹੋਈ ਇੱਥੋਂ ਤੱਕ ਕਿ ਕਾਂਗਰਸੀਆਂ 'ਤੇ ਸ਼ਰੇਆਮ ਬੂਥਾਂ ਤੇ ਕਬਜੇ ਕਰਨ ਦੇ ਦੋਸ਼ ਲੱਗੇ। ਇਹਨਾ ਚੋਣਾਂ ਵਿੱਚ ਮੁੱਖ ਟੱਕਰ ਸਤਾਧਿਰ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਨਜ਼ਰ ਆਈ ਜਦੋਂ ਕਿ ''ਆਪ'' ਕਿਤੇ ਵੀ ਨਜ਼ਰ ਨਾ ਆਈ? ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਲੰਬੀ ਵਿੱਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਅਕਾਲੀ ਵਰਕਰਾਂ ਵੱਲੋਂ ਕਾਂਗਰਸੀ ਆਗੂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਵੀ ਵਾਇਰਲ ਹੋਈ।

ਮਾਲਵਾ ਇਲਾਕੇ ਵਿੱਚ ਸਰਕਾਰ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਆਪਣੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ 250 ਵਿਅਕਤੀਆਂ ਦੀ ਬ੍ਰਿਗੇਡ ਲੈਕੇ ਵੱਖ ਵੱਖ ਪਿੰਡਾਂ ਵਿੱਚ ਬੂਥਾਂ ਤੇ ਕਬਜੇ ਕਰਾਉਣ ਦੇ ਦੋਸ਼ ਲੱਗੇ, ਸ਼ਰੇਆਮ ਗੋਲੀਆਂ ਚੱਲੀਆਂ ਤੇ ਮੰਤਰੀ ਦੇ ਕਾਫਲੇ ਦੀ ਇੱਕ ਗੱਡੀ ਦੀ ਚਪੇਟ ਵਿੱਚ ਆਉਣ ਨਾਲ ਨਬਾਲਿਗ ਬੱਚੀ ਦੇ ਜਖਮੀ ਹੋਣ ਦੀ ਵੀ ਸੂਚਨਾ ਹੈ। ਇਹਨਾਂ ਚੋਣਾਂ ਵਿੱਚ ਹੋਈਆਂ ਧੱਕੇਸ਼ਾਹੀਆਂ ਨਾਲ ਭਾਵੇਂ ਸਤਾਧਿਰ 22 ਸਤੰਬਰ ਨੂੰ ਆਉਣ ਵਾਲੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਦੀ ਜਿੱਤ ਹੋਣ ਦੇ ਦਾਅਵੇ ਕਰਦੀ ਹੋਈ ਨਜ਼ਰ ਆਏਗੀ ਪਰ ਪੰਜਾਬ ਦੇ ਮੌਜੂਦਾ ਸਿਆਸੀ ਸਿਸਟਮ ਨੂੰ ਵੋਟਰਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਸਤਾਧਿਰ ਕਾਂਗਰਸ ਪਾਰਟੀ, ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ਤੇ ਵੋਟਾਂ ਭੁਗਤਾਉਣ ਲਈ ਯਤਨ ਕੀਤੇ ਪਰ ਵੋਟਾਂ ਪੈਣ ਦੀ ਰਫਤਾਰ ਖਤਮ ਹੁੰਦੀ ਹੋਈ ਨਜ਼ਰ ਆਈ ਤੇ ਮਹਿਜ 60 ਫੀਸਦੀ ਪੋਲਿੰਗ ਹੀ ਹੋਈ, ਕਈ ਥਾਵਾਂ ਤੇ ਤਾਂ ਵੋਟਾਂ ਪੈਣ ਦੀ ਰਫਤਾਰ 40 ਤੋਂ 45 ਫੀਸਦੀ ਤੱਕ ਹੀ ਰਹਿ ਗਈ? ਪਹਿਰੇਦਾਰ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਲੰਬੀ ਵਿੱਚ ਉਸ ਸਮੇਂ ਮਾਹੌਲ ਤਨਾਅਪੂਰਣ ਬਣ ਗਿਆ ਜਦੋਂ ਪਿੰਡ ਬਾਦਲ ਅਤੇ ਪਿੰਡ ਕਿੱਲਿਆਂਵਾਲੀ ਦੇ ਬੂਥ ਤੇ ਵੋਟਾਂ ਭੁਗਤਾਉਣ ਨੂੰ ਲੈਕੇ ਸਤਾਧਿਰ ਨੇ ਬੂਥਾਂ ਤੇ ਧਾਵਾ ਬੋਲ ਦਿੱਤਾ ਜਿਸ ਕਰਕੇ ਦੋਨਾਂ ਧਿਰਾਂ ਵਿੱਚ ਟਕਰਾਅ ਹੋਇਆ, ਮੌਕੇ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ ਤੇ ਉਹਨਾਂ ਪੰਜਾਬ ਦੇ ਡੀਜੀਪੀ, ਜੋਨ ਦੇ ਆਈਜੀ ਅਤੇ ਜਿਲ੍ਹੇ ਦੇ ਐਸਐਸਪੀ ਨੂੰ ਫੋਨ ਕਰਕੇ ਹੋ ਰਹੀਆਂ ਧੱਕੇਸ਼ਾਹੀਆਂ ਤੇ ਠੋਸ ਕਾਰਵਾਈ ਕਰਨ ਦੀ ਅਪੀਲ ਕੀਤੀ ਪਰ ਕਿਤੇ ਵੀ ਸਰਕਾਰੀ ਤੰਤਰ ਮਜਬੂਤ ਹੁੰਦਾ ਦਿਖਾਈ ਨਾ ਦਿੱਤਾ?

ਹਾਲਾਤ ਉਸ ਸਮੇਂ ਵਿਗੜ ਗਏ ਜਦੋਂ ਕਿੱਲਿਆਂਵਾਲੀ ਵਿਖੇ ਸਕੂਲ ਦੇ ਨਜਦੀਕ ਸੁਖਬੀਰ ਬਾਦਲ ਦਾ ਕਾਫਲਾ ਆਕੇ ਰੁਕਿਆ ਤੇ ਜਿਵੇਂ ਹੀ ਸੁਖਬੀਰ ਬਾਦਲ ਗੱਡੀ ਵਿੱਚੋਂ ਉਤਰੇ ਤਾਂ ਕਾਫਲੇ ਵਿੱਚ ਮੌਜੂਦ ਅਕਾਲੀ ਵਰਕਰਾਂ ਨੇ ਕਾਂਗਰਸੀ ਆਗੂ ਨੂੰ ਘੇਰ ਲਿਆ ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਵਾਇਰਲ ਵੀਡੀਓ ਵਿੱਚ ਇਹ ਵੀ ਦੋਸ਼ ਲੱਗ ਰਹੇ ਹਨ ਕਿ ਕਾਂਗਰਸੀ ਆਗੂ ਦੀ ਗੱਡੀ ਨੂੰ ਖੁਦ ਸੁਖਬੀਰ ਬਾਦਲ ਵੱਲੋਂ ਭੰਨਿਆ ਗਿਆ। ਇਸ ਝੜਪ ਦੌਰਾਨ ਇੱਕ ਏਐਸਆਈ ਦਾ ਫੋਨ ਵੀ ਖੋਹਣ ਦੀ ਸੂਚਨਾ ਹੈ। ਮੌਕੇ ਤੇ ਆਈਜੀ ਐਮ.ਐਫ. ਫਾਰੂਖੀ ਪਹੁੰਚੇ ਤੇ ਉਹਨਾਂ ਜਾਂਚ ਤੋਂ ਬਾਅਦ ਠੋਸ ਕਾਰਵਾਈ ਦਾ ਭਰੋਸਾ ਦਿੱਤਾ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਵੀ ਸਵੇਰੇ ਤੜਕੇ ਹੀ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪਿੰਡ ਕਾਂਗੜ, ਸਲਾਬਤਪੁਰਾ ਅਤੇ ਭਾਈਰੂਪਾ ਵਿੱਚ ਕਾਂਗਰਸੀ 'ਤੇ ਹੀ ਬੂਥਾਂ ਤੇ ਕਬਜੇ ਕਰਨ ਦੇ ਦੋਸ਼ ਲੱਗੇ ਅਤੇ ਪੁਲਿਸ ਦੀ ਨਕਾਰਾ ਕਾਰਗੁਜਾਰੀ ਤੋਂ ਭੜਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਬਠਿੰਡਾ-ਭਗਤਾ-ਬਰਨਾਲਾ ਰੋਡ ਤੇ ਜਾਮ ਲਾ ਦਿੱਤਾ ਤੇ ਚੰਦ ਮਿੰਟਾਂ ਬਾਅਦ ਹੀ ਪਿੰਡ ਦੁੱਲੇਵਾਲਾ ਵਿਖੇ ਸੈਂਕੜੇ ਨੌਜਵਾਨਾਂ ਦੇ ਹਜੂਮ ਨੇ ਫਾਇਰਿੰਗ ਕਰ ਦਿੱਤੀ ਜਿਸ ਦੀ ਵੀਡੀਓ ਵੀ ਵਾਇਰਲ ਹੋਈ ਅਤੇ ਇਸੇ ਝੜਪ ਦੌਰਾਨ ਬਿਜਲੀ ਮੰਤਰੀ ਦੇ ਕਾਫਲੇ ਦੀ ਗੱਡੀ ਦੀ ਚਪੇਟ ਵਿੱਚ ਆਕੇ ਇੱਕ ਨਾਬਾਲਿਗ ਲੜਕੀ ਦੀ ਆ ਗਈ ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ। ਦੇਰ ਸ਼ਾਮ ਵੋਟਾਂ ਪੈਣ ਦਾ ਸਮਾਂ ਖਤਮ ਹੋਣ ਵੇਲੇ ਪਿੰਡ ਜਲਾਜ ਵਿੱਚ ਵੀ ਕਾਂਗਰਸੀਆਂ ਵੱਲੋਂ ਬੂਥਾਂ 'ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਈ ਪਿੰਡਾਂ ਵਿੱਚ ਸਤਾਧਿਰ ਤੇ ਜਾਲ੍ਹੀ ਵੋਟਾਂ ਭੁਗਤਾਉਣ ਦੇ ਦੋਸ਼ਾਂ ਨੂੰ ਲੈਕੇ ਦੋਨਾਂ ਧਿਰਾਂ ਵਿੱਚ ਟਕਰਾਅ ਹੋਇਆ। 

Unusual
Election
PUNJAB

Click to read E-Paper

Advertisement

International