ਅੱਜ ਵਿਧਾਇਕ ਫੂਲਕਾ ਦੇਣਗੇ ਅਸਤੀਫ਼ਾ

ਨਵੀਂ ਦਿੱਲੀ  11 ਅਕਤੂਬਰ (ਏਜੰਸੀਆਂ): ਇੱਧਰ ਪੰਜਾਬ ਵਿੱਚ ਕੇਜਰੀਵਾਲ ਤੇ ਹੋਰ ਸੀਨੀਅਰ ਲੀਡਰ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ ਦੀ ਦਾਅਵਤ ਦਾ ਆਨੰਦ ਮਾਣਦੇ ਰਹਿ ਗਏ, ਉੱਧਰ ਐਚ.ਐਸ. ਫੂਲਕਾ ਨੇ ਮੁੜ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਫੂਲਕਾ ਨੇ ਐਲਾਨ ਕੀਤਾ ਕਿ ਉਹ ਸਰਕਾਰ ਵੱਲੋਂ ਬੇਅਦਬੀ ਤੇ ਗੋਲ਼ੀਕਾਂਡਾਂ ਦੀ ਜਾਂਚ ਸਹੀ ਤਰੀਕੇ ਨਾਲ ਨਾ ਕਰਨ ਦੇ ਰੋਸ ਵਜੋਂ ਭਲਕੇ ਯਾਨੀ ਸ਼ੁੱਕਰਵਾਰ ਨੂੰ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦੇਣਗੇ। ਫੂਲਕਾ ਨੇ ਦੱਸਿਆ ਕਿ ਉਨ੍ਹਾਂ ਸਰਕਾਰ ਨੂੰ ਕਾਰਵਾਈ ਕਰਨ ਲਈ ਪੰਦਰਾਂ ਦਿਨਾਂ ਦਾ ਸਮਾਂ ਦਿੱਤਾ ਸੀ ਤੇ ਅੱਜ 45 ਦਿਨ ਹੋ ਗਏ ਹਨ। ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਜ ਫਿਰ ਮਾਮਲੇ ਦੀ ਸੁਣਵਾਈ ਸੀ ਤੇ ਅਗਲੀ ਤਾਰੀਖ਼ 14 ਨਵੰਬਰ ਪੈ ਗਈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀ ਬੇਅਦਬੀ ਤੇ ਗੋਲ਼ੀਕਾਂਡਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਨੀਅਤ ਨਹੀਂ।

ਦਾਖਾ ਤੋਂ ਵਿਧਾਇਕ ਤੇ '84 ਸਿੱਖ ਕਤਲੇਆਮ ਪੀੜਤ ਪਰਿਵਾਰਾਂ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ, ਸੋ ਇਹੋ ਹੀ ਕਰ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਉਹ ਅਸਤੀਫ਼ੇ ਦੀ ਕਾਪੀ ਚੋਣ ਕਮਿਸ਼ਨ 'ਚ ਜਮ੍ਹਾ ਕਰਵਾ ਦੇਣਗੇ ਤੇ ਅਸਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦੇਣਗੇ। ਜ਼ਿਕਰਯੋਗ ਹੈ ਕਿ ਐਚ.ਐਸ. ਫੂਲਕਾ ਨੇ ਬੀਤੀ ਪਹਿਲੀ ਸਤੰਬਰ ਨੂੰ ਬੇਅਦਬੀ ਤੇ ਗੋਲ਼ੀਕਾਂਡਾਂ ਦੇ ਦੋਸ਼ੀਆਂ ਵਿਰੁੱਧ ਸਰਕਾਰ ਦੀ ਢਿੱਲੀ ਕਾਰਵਾਈ ਕਰਨ ਦੇ ਦੋਸ਼ ਲਾਉਂਦਿਆਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਹ ਇੱਕ ਵਾਰ ਇਹ ਫੈਸਲਾ ਟਾਲ਼ ਵੀ ਚੁੱਕੇ ਹਨ, ਪਰ ਹੁਣ ਫਿਰ ਤੋਂ ਉਨ੍ਹਾਂ ਝੰਡਾ ਚੁੱਕ ਲਿਆ ਹੈ। ਫੂਲਕਾ ਦੇ ਇਸ ਐਲਾਨ ਨਾਲ ਕੇਜਰੀਵਾਲ ਨੂੰ ਵੀ ਮੁਸੀਬਤ ਵਿੱਚ ਪਾ ਦਿੱਤਾ ਹੈ। ਅੱਜ ਉਨ੍ਹਾਂ ਦੇ ਇਸ ਫੈਸਲੇ ਤੋਂ ਕੇਜਰੀਵਾਲ ਅਣਜਾਣ ਹੀ ਸਨ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਫੂਲਕਾ ਨੂੰ ਅਸਤੀਫ਼ਾ ਨਾ ਦੇਣ ਦੀ ਅਪੀਲ ਵੀ ਕੀਤੀ ਸੀ।

Harvinder Singh Phoolka
Resign
Aam Aadmi Party
Punjab Politics

Click to read E-Paper

Advertisement

International