ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ

ਪੰਥਕ ਆਗੂਆਂ ਵਲੋਂ ਗਿਆਨੀ ਹਰਪ੍ਰੀਤ ਸਿੰਘ ਪਾਸੋਂ ਸ਼ਹੀਦ ਦੇ ਪ੍ਰੀਵਾਰ ਲਈ ਸਿਰੋਪਾਉ ਲੈਣ ਤੋਂ ਨਾਂਹ

ਅੰਮ੍ਰਿਤਸਰ 31ਅਕਤੂਬਰ (ਨਰਿੰਦਰ ਪਾਲ ਸਿੰਘ): ਜੂਨ 1984 ਵਿੱਚ ਸਿੱਖ ਕੌਮ ਦੇ ਮਹਾਨ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਫੌਜਾਂ ਚਾੜ੍ਹਨ ਵਾਲੀ ਇੰਦਰਾ ਗਾਂਧੀ ਨੂੰ ਸੋਧਾ ਲਾਉਂਦਿਆਂ ਸ਼ਹੀਦੀ ਪਾਣ ਵਾਲੇ ਭਾਈ ਬੇਅੰਤ ਸਿੰਘ ਦੀ 34ਵੀਂ ਸ਼ਹੀਦੀ ਯਾਦ ਅੱਜ ਇਥੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਗਈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁ:ਝੰਡਾ ਬੁੰਗਾ ਵਿਖੇ ਇਸ ਸਬੰਧ ਵਿੱਚ ਪਰਸੋਂ ਰੋਜ਼ ਤੋਂ ਪ੍ਰਾਰੰਭ ਕਰਵਾਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਜੂਰੀ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ।ਇਸ ਸਮਾਗਮ ਵਿੱਚ ਹਾਜਰੀ ਭਰਨ ਲਈ ਜਿਥੇ ਦਲ ਖਾਲਸਾ ਦੇ ਭਾਈ ਦਲਜੀਤ ਸਿੰਘ ਬਿੱਟੂ, ਬੁਲਾਰੇ ਕੰਵਰਪਾਲ ਸਿੰਘ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ, ਫੈਡਰੇਸ਼ਨ ਆਗੂ ਸਰਬਜੀਤ ਸਿੰਘ ਸੋਹਲ, ਮਨਜੀਤ ਸਿੰਘ ਭੋਮਾ,ਗੁਰਜੰਟ ਸਿੰਘ ,ਗੁਰਿੰਦਰਜੀਤ ਸਿੰਘ ਤੇ ਲਵਪ੍ਰੀਤ ਸਿੰਘ ਪੁਜੇ ਹੋਏ ਸਨ ਉਥੇ ਬੀਤੇ ਕਲ੍ਹ ਹੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਅਹੁੱਦਾ ਸੰਭਾਲਣ ਵਾਲੇ ਗਿਆਨੀ ਹਰਪ੍ਰੀਤ ਸਿੰਘ,ਦਰਬਾਰ ਸਾਹਿਬ ਦੇ ਹੱੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ,ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ,ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ,ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਅਤੇ ਵਧੀਕ ਮੈਨੇਜਰ ਇਕਬਾਲ ਸਿੰਘ ਮੁਖੀ ਵੀ ਹਾਜਰ ਸਨ।

ਅਰਦਾਸ ਭਾਈ ਕੁਲਵਿੰਦਰ ਸਿੰਘ ਹੁਰਾਂ ਕੀਤੀ। ਹੁਕਮਨਾਮੇ ਉਪਰੰਤ ਜਿਉਂ ਹੀ ਗਿਆਨੀ ਜਗਤਾਰ ਸਿੰਘ ਹੁਰਾਂ ਐਲਾਨ ਕੀਤਾ ਕਿ  ਸ਼ਹੀਦ ਭਾਈ ਬੇਅੰਤ ਸਿੰਘ ਦੇ ਪ੍ਰੀਵਾਰ ਦਾ ਕੋਈ ਵੀ ਜੀਅ ਅੱਜ ਇਥੇ ਨਹੀ ਪੁਜਿਆ ।ਇਸ ਲਈ ਪੰਥਕ ਜਥੇਬੰਦੀਆਂ ਦੇ ਆਗੂਆਂ ਭਾਈ ਕੰਵਰਪਾਲ ਸਿੰਘ ਤੇ ਸਖੀਰਾ ਨੂੰ ਬੇਨਤੀ ਹੈ ਕਿ ਉਹ ਜਥੇਦਾਰ ਹਰਪ੍ਰੀਤ ਸਿੰਘ ਪਾਸੋਂ ਸ਼ਹੀਦ ਪ੍ਰੀਵਾਰ ਲਈ ਸਿਰੋਪਾਉ ਦੀ ਬਖਸ਼ਿਸ਼ ਹਾਸਿਲ ਕਰ ਲੈਣ।ਤਾਂ ਸ੍ਰ:ਜਰਨੈਲ ਸਿੰਘ ਸਖੀਰਾ ਨੇ ਉਚੀ ਅਵਾਜ ਕਿਹਾ ਕਿ ਇਹ(ਗਿਆਨੀ ਹਰਪ੍ਰੀਤ ਸਿੰਘ)ਬਾਦਲਾਂ ਦਾ ਥਾਪਿਆ ਜਥੇਦਾਰ ਹੈ ।ਅਸੀਂ ਇਸਨੂੰ ਮਾਨਤਾ ਨਹੀ ਦਿੰਦੇ।ਇਸ ਲਈ ਇਨ੍ਹਾਂ ਪਾਸੋਂ ਕੋਈ ਵੀ ਸਤਿਕਾਰ ਤੇ ਉਹ ਵੀ ਕੌਮੀ ਸ਼ਹੀਦ ਦੇ ਨਾਮ ਲੈਣਾ ਨਹੀ ਚਾਹੁਣਗੇ।ਇਸਦੇ ਨਾਲ ਹੀ ਭਾਈ ਕੰਵਰਪਾਲ ਸਿੰਘ ਬਿੱਟੂ ਵੀ ਉਠ ਖਲੋਤੇ ਤੇ ਸਾਥੀਆਂ ਸਮੇਤ ਸਮਾਗਮ ਸਥਾਨ ਤੋਂ ਤੁਰ ਪਏ । ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੰਵਰਪਾਲ ਸਿੰਘ ਨੇ ਕਿਹਾ ਕਿ ਜਦ ਤੀਕ ਸਿਸਟਮ ਨਹੀ ਬਦਲਦਾ ਚਿਹਰੇ ਬਦਲਿਆਂ ਕੋਈ ਫਰਕ ਨਹੀ ਪੈਣਾ।ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਥਾਪਣਾ ਵਾਲਾ ਸਿਸਟਮ ਉਹੀ ਹੈ ,ਉਹੀ ਹੱਥ ਹਨ ਜਿਨ੍ਹਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਤਖਤ ਸਾਹਿਬਾਨ  ਦੇ ਸਿਧਾਂਤਾਂ ਤੇ ਮਾਣ ਮਰਿਆਦਾ ਨੂੰ ਢਾਹ ਢੇਰੀ ਕਰਨ ਦੀ ਭੂਮਿਕਾ ਨਿਭਾਈ ਹੈ ਤਖਤ ਦੇ  ਜਥੇਦਾਰ ਦੀ ਮਾਣ ਮਰਿਆਦਾ ਨੂੰ ਨਸਤੋਨਾਬੂਦ ਕਰਨ ਦੀ ਬਜ਼ਰ ਗਲਤੀ ਕੀਤੀ ਹੈ ।ਕੰਵਰਪਾਲ ਸਿੰਘ ਨੇ ਕਿਹਾ ਕੋਈ ਸ਼ਖਸ਼ ਚੰਗਾ ਵੀ ਹੋ ਸਕਦੈ ਲੇਕਿਨ ਅਸੀਂ ਉਸ ਪਿੱਛੇ ਕੰਮ ਕਰ ਰਹੇ ਤੇ ਉਸ ਦੋਸ਼ ਪੂਰਨ ਨਿਜ਼ਾਮ ਦੇ ਖਿਲਾਫ ਹਾਂ ।ਜਦੋਂ ਤੀਕ ਇਹ ਗੰਦਾ ਨਿਜ਼ਾਮ ਨਹੀ ਬਦਲਦਾ ਸਾਡਾ ਵਿਰੋਧ ਜਾਰੀ ਰਹੇਗਾ।

ਇਹ ਸਭ ਕੁਝ ਵਾਪਰਨ ਤੇ  ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਤੀਜੇ ਸੁਖਵਿੰਦਰ ਸਿੰਘ ਅਗਵਾਨ ਤੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਪ੍ਰੀਵਾਰ ਨੂੰ ਪੁਜਦਾ ਕਰਨ ਲਈ ਮਨਜੀਤ ਸਿੰਘ ਭੋਮਾ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ। 

Unusual
Jathedar
Akal Takht Sahib

International