ਭਾਰਤ ਨੇ ਜਿੱਤੀ ਕ੍ਰਿਕੇਟ ਲੜੀ

ਤਿਰੂਵਨੰਤਪੁਰਮ 1 ਨਵੰਬਰ (ਏਜੰਸੀਆਂ) : ਭਾਰਤ ਅਤੇ ਵਿੰਡੀਜ਼ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਗ੍ਰੀਨ ਫੀਲਡ ਅੰਤਰਰਾਸ਼ਟਰੀ ਸਟੇਡੀਆਮ ਵਿਚ ਖੇਡਿਆ ਗਿਆ। ਜਿਸ ਵਿਚ ਵਿੰਡੀਜ਼ ਨੇ ਟਾਸ ਜਿੱਤੇ ਕੇ ਭਾਰਤ ਨੂੰ ਗੇਂਦਬਾਜ਼ੀ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਵਿੰਡੀਜ਼ 104 ਦੌੜਾਂ ‘ਤੇ ਢੇਰ ਹੋ ਗਈ, ਜਿਸ ਨਾਲ ਭਾਰਤ ਨੂੰ 105 ਦੌੜਾਂ ਦਾ ਆਸਾਨ ਟੀਚਾ ਮਿਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ 6 ਦੌੜਾਂ ‘ਤੇ ਭਾਰਤ ਨੂੰ ਪਹਿਲਾ ਝਟਕਾ ਲੱਗਾ। ਸ਼ਿਖਰ ਧਵਨ ਪਿਛਲੇ ਕਾਫੀ ਸਮੇਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਹਨ। ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਪਾਰੀ ਨੂੰ ਸੰਭਾਲਣ ਦਾ ਕੰਮ ਕੀਤਾ ਅਤੇ ਆਖਰੀ ਸਕੋਰ ਤੱਕ ਕ੍ਰੀਜ਼ ‘ਤੇ ਮੌਜੂਦ ਰਹੇ। ਇਸ ਦੌਰਾਨ ਰੋਹਿਤ ਨੇ ਆਪਣਾ ਅਰਧ ਸੈਂਕੜਾ ਵੀ ਪੂਰਾ ਕਰ ਲਿਆ। ਦੋਵਾਂ ਬੱਲੇਬਾਜ਼ਾਂ ਵਿਚਾਲੇ 99 ਦੌੜਾਂ ਦੀ ਸਾਂਝੇਦਾਰੀ ਵੀ ਹੋਈ। ਇਸ ਆਖਰੀ ਮੈਚ ਵਿਚ ਭਾਰਤ ਨੇ ਵਿੰਡੀਜ਼ ਨੂੰ 9 ਵਿਕਟਾਂ ਨਾਲ ਹਰਾ ਕੇ 3-1 ਨਾਲ ਸੀਰੀਜ਼ ‘ਤੇ ਕਬਜਾ ਕਰ ਲਿਆ। 

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਵਿੰਡੀਜ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਹੈ। ਟੀਮ ਨੇ ਆਪਣੀਆਂ 2 ਵਿਕਟਾਂ 2 ਦੌੜਾਂ ‘ਤੇ ਗੁਆ ਲਈਆਂ। ਪਹਿਲੀ ਕਾਮਯਾਬੀ ਕਿਰਨ ਪਾਵੇਲ ਦੇ ਰੂਪ ਵਿਚ ਭੁਵਨੇਸ਼ਵਰ ਕੁਮਾਰ ਨੂੰ ਮਿਲੀ ਜਦਕਿ ਸ਼ਾਨਦਾਰ ਫਾਰਮ ‘ਚ ਚਲ ਰਹੇ ਸ਼ਾਈ ਹੋਪ ਨੂੰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਵੇਲੀਅਨ ਦਾ ਰਾਹ ਦਿਖਾਇਆ। ਵੈਸਟਇੰਡੀਜ਼ ਅਜੇ ਇਨ੍ਹਾਂ ਝਟਕਿਆਂ ਤੋਂ ਉਭਰਿਆ ਵੀ ਨਹੀਂ ਸੀ ਕਿ ਰਵਿੰਦਰ ਜਡੇਜਾ ਨੇ ਮੈਚ ਦੇ 12ਵੇਂ ਅਤੇ 16ਵੇਂ ਓਵਰ ‘ਚ ਮਾਰਲੋਨ ਸੈਮੁਅਲਸ (24) ਅਤੇ ਫਿਰ ਸ਼ਿਮਰੋਨ ਹੇਟਮਾਇਰ (9) ਨੂੰ ਪਵੇਲੀਅਨ ਭੇਜਿਆ। ਪੰਜਵਾਂ ਝਟਕਾ ਖਲੀਲ ਅਹਿਮਦ ਨੇ ਰੋਵਮੈਨ ਪਾਵੇਲ (16) ਨੂੰ ਆਊਟ ਕਰਕੇ ਦਿੱਤਾ। ਇਸ ਤੋਂ ਬਾਅਦ ਫੈਬੀਅਨ ਐਲੀਨ 4 ਦੌੜਾਂ ਦੇ ਨਿੱਜੀ ਸਕੋਰ ‘ਤੇ ਬੁਮਰਾਹ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਕਪਤਾਨ ਜੇਸਨ ਹੋਲਡਰ ਨੇ ਕੁਝ ਸਮਾਂ ਪਿਚ ‘ਤੇ ਗੁਜ਼ਾਰਿਆ ਪਰ ਉਹ ਵੀ 25 ਦੌੜਾਂ ਤੋਂ ਵੱਧ ਦਾ ਯੋਗਦਾਨ ਨਾ ਦੇ ਸਕੇ ਅਤੇ ਖਲੀਲ ਅਹਿਮਦ ਦਾ ਸ਼ਿਕਾਰ ਬਣ ਗਏ। ਵਿੰਡੀਜ਼ ਨੂੰ 8ਵਾਂ ਝਟਕਾ ਕੀਮੋ ਪਾਲ (5 ਦੌੜਾਂ) ਦੇ ਰੂਪ ‘ਚ ਲੱਗਾ। 9ਵਾਂ ਵਿਕਟ ਕੇਮਰ ਰੋਚ ਅਤੇ 10ਵਾਂ ਓਸ਼ੇਨ ਥਾਮਸ ਦੇ ਰੂਪ ‘ਚ ਡਿੱਗਿਆ।

Unusual
Cricket
India
West Indies
Virat Kohli

International